ਫਗਵਾੜਾ 1 ਮਈ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਰਾਮਗੜ੍ਹ ਵਿਖੇ ਬੀਤੇ ਦਿਨੀਂ ਆਪਸੀ ਰੰਜਿਸ਼ ਤਹਿਤ ਦਲਿਤ ਪਰਿਵਾਰ ਦੇ ਨੌਜਵਾਨ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੋਈ ਹੱਤਿਆ ਤੋਂ ਬਾਅਦ ਅੱਜ ਭਾਜਪਾ ਐਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਰਾਜਕੁਮਾਰ ਅਟਵਾਲ ਪਿੰਡ ਰਾਮਗੜ੍ਹ ਪੁੱਜੇ ਉਹਨਾਂ ਦੇ ਨਾਲ ਸੀਨੀਅਰ ਭਾਜਪਾ ਆਗੂ ਤੇਜਸਵੀ ਭਾਰਦਵਾਜ, ਮਨਜੀਤ ਚੌਧਰੀ ਤੇ ਲੱਕੀ ਸਰਵਟਾ ਵੀ ਸਨ। ਰਾਜਕੁਮਾਰ ਅਟਵਾਲ ਨੇ ਪੀੜ੍ਹਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੁੱਖ ਅਤੇ ਸ਼ੋਕ ਦੀ ਇਸ ਘੜੀ ਵਿਚ ਪਰਿਵਾਰ ਦੇ ਨਾਲ ਹੈ। ਉਹਨਾਂ ਜਿੱਥੇ ਦੋਸ਼ੀਆਂ ਲਈ ਸਖਤ ਸਜਾ ਦੀ ਮੰਗ ਕੀਤੀ ਉੱਥੇ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਰਾਜ ‘ਚ ਦਲਿਤਾਂ ਉਪਰ ਲਗਾਤਾਰ ਅਤਿਆਚਾਰ ਹੋ ਰਿਹਾ ਹੈ। ਸੂਬੇ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਜਿਸ ਕਰਕੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਉਹਨਾਂ ਕੈਪਟਨ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਦਲਿਤਾਂ ਨੂੰ ਸਿਆਸੀ ਮੋਹਰਾ ਬਣਾ ਕੇ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂ ਇਸ ਕਤਲ ਕਾਂਡ ਨੂੰ ਲੈ ਕੇ ਚੁੱਪ ਕਿਉਂ ਹਨ। ਪਰਿਵਾਰ ਦੀ ਆਰਥਕ ਸਹਾਇਤਾ ਦੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਰਾਜਕੁਮਾਰ ਅਟਵਾਲ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਹਰ ਹਾਲ ਵਿਚ ਨਿਆ ਦੁਆਇਆ ਜਾਵੇਗਾ। ਰਾਸ਼ਟਰੀ ਐਸ.ਸੀ. ਕਮੀਸ਼ਨ ਦੇ ਨੋਟਿਸ ਵਿਚ ਵੀ ਉਹ ਮਾਮਲੇ ਨੂੰ ਲਿਆਉਣਗੇ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪਸ਼ਟ ਕਿਹਾ ਕਿ ਪੰਜਾਬ ਵਿਚ ਦਲਿਤਾਂ ਨਾਲ ਧੱਕੇਸ਼ਾਹੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪਰਿਵਾਰ ਦੀਆਂ ਮੰਗਾਂ ਨੂੰ ਲੈ ਕੇ ਹਰ ਪੱਧਰ ਤੇ ਸੰਘਰਸ਼ ਵਿਚ ਪੂਰੀ ਤਰ੍ਹਾਂ ਨਾਲ ਖੜੀ ਹੈ।