ਜਲੰਧਰ : ਕਰੋਨਾ ਵਾਇਰਸ ਤੋਂ ਬਚਾਅ ਲਈ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੇ
ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ ਲਗਾਤਾਰ ਜਾਗਰੂਕ
ਕੀਤਾ ਜਾ ਰਿਹਾ ਹੈ । ਵੀਰਵਾਰ ਨੂੰ ਆਰੀਆ ਸਮਾਜ ਮੰਦਿਰ ਬਸਤੀ ਬਾਵਾ ਖੇਲ ,ਜਲੰਧਰ ਵਿਖੇ ਕੋਰੋਨਾ
ਵਾਇਰਸ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ.ਗੁਰਪ੍ਰੀਤ ਕੌਰ
ਮੈਡੀਕਲ ਅਫਸਰ ,ਯੂ.ਪੀ.ਐਚ.ਸੀ. ਬਸਤੀ ਬਾਵਾ ਖੇਲ ਵੱਲੋਂ ਹਾਜ਼ਰ ਲੋਕਾਂ ਨੂੰ ਕਰੋਨਾ ਵਾਇਰਸ
ਸੰਬੰਧੀ ਜਾਣਕਾਰੀ ਦਿੱਤੀ ਗਈ ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਲੈਕੇ ਘਬਰਾਉਣ ਦੀ ਕੋਈ
ਗੱਲ ਨਹੀ ਪਰ ਸਾਨੂੰ ਸਾਰਿਆਂ ਨੂੰ ਸੁਚੇਤ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ ।ਉਨ੍ਹਾਂ ਕਰੋਨਾ
ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਨੂੰ ਬੁਖਾਰ , ਜ਼ੁਕਾਮ
,ਨੱਕ ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ ਵਿਅਕਤੀ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਦਾ
ਹੈ।ਕਰੋਨਾ ਵਾਇਰਸ ਤੋਂ ਬਚਾਅ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਪਿਛਲੇ ਦਿਨਾਂ
ਵਿੱਚ ਵਿਦੇਸ਼ ਖਾਸ ਕਰਕੇ ਵਾਇਰਸ ਪ੍ਰਭਾਵਿਤ ਦੇਸ਼ਾਂ ਵਿੱਚ ਦੌਰਾ ਕਰਕੇ ਆਇਆ ਹੈ ਅਤੇ ਉਸ ਵਿੱਚ
ਉਕਤ ਲੱਛਣ ਹਨ ਤਾਂ ਉਸ ਨੂੰ ਸਲਾਹ ਅਤੇ ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ
ਕਰਨਾ ਚਾਹੀਦਾ ਹੈ । ਅਜਿਹੇ ਲੱਛਣਾਂ ਵਾਲੇ ਵਿਅਕਤੀ ਨੂੰ 14 ਦਿਨ ਲਈ ਆਪਣੇ ਹੀ ਘਰ ਵਿੱਚ ਬਾਕੀ
ਮੈਂਬਰਾਂ ਨਾਲੋਂ ਵੱਖਰੇ ਕਮਰੇ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਵੇ ।ਬਾਹਰੋਂ ਆਏ ਵਿਅਕਤੀ ਅਤੇ ਹੋਰ
ਮੈਂਬਰਾਂ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਦੂਸਰੇ ਵਿਅਕਤੀਆਂ ਤੋਂ ਘੱਟ ਤੋਂ
ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।ਬਚਾਅ ਲਈ ਭੀੜ-ਭਾੜ ਵਾਲੀਆਂ ਥਾਵਾਂ ਵਿੱਚ ਜਾਣ
ਤੋਂ ਪ੍ਰਹੇਜ ਕੀਤਾ ਜਾਵੇ। ਖਾਂਸੀ ਕਰਦੇ ਹੋਏ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ
ਨਾਲ ਢੱਕੋ ।ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਛੱਕੀ ਮਰੀਜ਼ਾਂ ਉੱਤੇ 28 ਦਿਨਾਂ ਤੱਕ ਨਜ਼ਰ
ਰੱਖੀ ਜਾ ਰਹੀ ਹੈ।
ਸੈਮੀਨਾਰ ਦੌਰਾਨ ਸਿਟੀ ਪ੍ਰੋਜੈਕਟ ਕੋਆਰਡੀਨੇਟਰ ਡਾ. ਸੁਰਭੀ ਨੇ ਸਿਹਤ ਸਿੱਖਿਆ ਦਿੰਦੇ
ਹੋਏ ਕਿਹਾ ਕਿ ਹੱਥਾਂ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ, ਥੋੜ੍ਹੇ ਥੋੜੇ੍ਹ
ਸਮੇਂ ਬਾਅਦ ਸਾਬੁਣ ਨਾਲ ਹੱਥਾਂ ਨੂੰ ਚੰਗੀ ਤਰ੍ਹਾ ਧੋਇਆ ਜਾਵੇ।ਹੱਥਾਂ ਨੂੰ ਸਾਫ –
ਸੁਥਰਾ ਰੱਖਣ ਲਈ ਅੇਲਕੋਹਲ ਬੇਸਡ ਸੈਨੀਟਾਈਜ਼ਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ
ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ , ਘਰੇਲੂ ਨੁਸਖਿਆਂ ਨਾਲ ਇਲਾਜ ਨਾ
ਕਰੋ, ਸਗੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਈ ਜਾਵੇ।ਉਨ੍ਹਾਂ ਆਸ਼ਾ ਵਰਕਰਜ਼ ਨੂੰ ਆਮ
ਲੋਕਾਂ ਨਾਲ ਰਾਵਤਾ ਕਾਇਮ ਕਰਨ ਅਤੇ ਵੱਧ ਤੋਂ ਵੱਧ ਸਿਹਤ ਸਿੱਖਿਆ ਦੇਣ ਦੀ ਗੱਲ ਵੀ ਕਹੀ । ਇਸ
ਮੌਕੇ ਆਸ਼ਾ ਵਰਕਰਜ਼ ਅਤੇ ਹੋਰ ਆਮ ਲੋਕ ਹਾਜ਼ਰ ਸਨ ।