ਫਗਵਾੜਾ 14 ਜਨਵਰੀ (ਸ਼ਿਵ ਕੋੜਾ) ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਦੇ ਗ੍ਰਹਿ ਵਿਖੇ ਲੋਹੜੀ ਦੀ ਸ਼ਾਮ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਾਗੂ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲੀ ਲੋਹੜੀ ਮਨਾਈ ਗਈ। ਇਸ ਮੌਕੇ ਸ੍ਰ. ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਆਗੂ ਹਰਜੀਤ ਸਿੰਘ ਪਰਮਾਰ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਸੋਹਨ ਲਾਲ ਬੰਗਾ, ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਤਬੀਰ ਸਿੰਘ ਸਾਬੀ ਵਾਲੀਆ, ਸੁਖਜੀਤ ਸਿੰਘ ਪੱਪੀ ਪਰਮਾਰ, ਨਵਜਿੰਦਰ ਸਿੰਘ ਬਾਹੀਆ ਆਦਿ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਮੋਦੀ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਹੈ ਅਤੇ ਕਿਸਾਨ ਅੰਦੋਲਨ ਦੇ ਅੱਗੇ ਸਰਕਾਰ ਦੇ ਹੱਥ ਖੜੇ ਹੋ ਚੁੱਕੇ ਹਨ। ਅੰਦੋਲਨ ਨੂੰ ਬਦਨਾਮ ਕਰਨ ਤੋਂ ਲੈ ਕੇ ਕਿਸਾਨਾ ‘ਚ ਫੁੱਟ ਪਾਉਣ ਸਮੇਤ ਹਰ ਸਾਜਿਸ਼ ਵਿਚ ਮੋਦੀ ਸਰਕਾਰ ਜਦੋਂ ਫੇਲ ਹੋ ਗਈ ਤਾਂ ਹੁਣ ਅਦਾਲਤ ਨੂੰ ਢਾਲ ਬਣਾ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਲੇਕਿਨ ਸਮਝਦਾਰ ਕਿਸਾਨ ਮੋਦੀ ਸਰਕਾਰ ਦੀ ਇਸ ਚਾਲ ਵਿਚ ਵੀ ਨਹÄ ਆਵੇਗਾ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕਿਸਾਨਾ ਦੀ ਇਹ ਮੰਗ ਬਿਲਕੁਲ ਜਾਇਜ ਹੈ ਕਿ ਲਾਗੂ ਕੀਤੇ ਕਾਲੇ ਕਾਨੂੰਨ ਵਾਪਸ ਲੈ ਕੇ ਰੱਦ ਕਰਨ ਦਾ ਐਲਾਨ ਕੀਤਾ ਜਾਵੇ। ਉਹਨਾਂ ਕਿਹਾ ਕਿ ਮੋਜੂਦਾ ਕਾਨੂੰਨ ਰੱਦ ਕਰਨ ਉਪਰੰਤ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੀ ਇਕ ਕਮੇਟੀ ਬਣਾਈ ਜਾਵੇ ਅਤੇ ਉਸ ਕਮੇਟੀ ਨਾਲ ਤਾਲਮੇਲ ਕਰਕੇ ਕਿਸਾਨ ਦੀ ਭਲਾਈ ਅਤੇ ਖੇਤੀ ਸੁਧਾਰ ਦੇ ਬਿਲਾਂ ਦਾ ਨਵਾਂ ਖਰੜਾ ਤਿਆਰ ਕੀਤਾ ਜਾਵੇ। ਇਸ ਅੰਦੋਲਨ ਨੂੰ ਖਤਮ ਕਰਨ ਦਾ ਮੋਦੀ ਸਰਕਾਰ ਦੇ ਪਾਸ ਇਹੋ ਇਕ ਰਸਤਾ ਹੈ ਲੇਕਿਨ ਜੇਕਰ ਸਰਕਾਰ ਨੇ ਆਪਣੀ ਜਿੱਦ ਬਰਕਰਾਰ ਰੱਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੰਕਾਰ ਦਾ ਤਿਆਗ ਨਾ ਕੀਤਾ ਤਾਂ ਕਿਸਾਨ ਅੰਦੋਲਨ ਮੋਦੀ ਸਰਕਾਰ ਨੂੰ ਸੱਤਾ ਛੱਡਣ ਲਈ ਮਜਬੂਰ ਕਰ ਦੇਵੇਗਾ। ਇਸ ਮੌਕੇ ਨੌਜਵਾਨ ਕਾਂਗਰਸੀ ਆਗੂ ਵਰੁਣ ਬੰਗੜ ਚੱਕ ਹਕੀਮ, ਰਾਕੇਸ਼ ਘਈ, ਕੁਲਵਿੰਦਰ ਚੱਠਾ, ਅਰੁਣ ਕੁਮਾਰ, ਬਲਜੀਤ ਸਿੰਘ ਲਵਲੀ, ਰਾਜਿੰਦਰ ਕੁਮਾਰ ਰਾਜੂ, ਉਂਕਾਰ ਸਿੰਘ ਜਗਦੇਵ, ਰਘਵੀਰ ਸਿੰਘ ਚੱਠਾ, ਮਨਜੋਤ ਸਿੰਘ ਆਦਿ ਹਾਜਰ ਸਨ।