ਫਗਵਾੜਾ 8 ਅਪ੍ਰੈਲ (ਸ਼ਿਵ ਕੋੜਾ) ਕਾਰਪੋਰੇਸ਼ਨ ਦੀ ਕਾਰਗੁਜਾਰੀ ਨੂੰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਖੜਾ ਕਰਦਿਆਂ ਅੱਜ ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਕਿਹਾ ਕਿ ਮਈ ਮਹੀਨੇ ਵਿਚ ਸੰਭਾਵਿਤ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ ਵਿਕਾਸ ਦੇ ਨਾਮ ਤੇ ਉਦਘਾਟਨਾਂ ਦੀ ਹਨ੍ਹੇਰੀ ਲਿਆਂਦੀ ਜਾ ਰਹੀ ਹੈ ਹਾਲਾਂਕਿ ਉਦਘਾਟਨ ਤੋਂ ਬਾਅਦ ਜਾਂ ਤਾਂ ਲੇਬਰ ਦੀ ਘਾਟ ਕਾਰਨ ਕੰਮ ਸ਼ੁਰੂ ਹੀ ਨਹੀਂ ਹੋ ਰਹੇ ਤੇ ਜਾਂ ਕਿਸੇ ਹੋਰ ਵਜ੍ਹਾ ਨਾਲ ਕੁੱਝ ਹੀ ਦਿਨਾਂ ਵਿਚ ਕੰਮ ਠੱਪ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਅਨਾੜੀ ਠੇਕੇਦਾਰਾਂ ਨੂੰ ਠੇਕੇ ਦਿੱਤੇ ਜਾ ਰਹੇ ਹਨ ਕਿਉਂਕਿ ਇਸ ਦੇ ਪਿੱਛੇ ਅਸਲ ਚਿਹਰੇ ਕਾਂਗਰਸੀ ਆਗੂਆਂ ਦੇ ਹਨ। ਸਾਬਕਾ ਮੇਅਰ ਨੇ ਸਵਾਲ ਕੀਤਾ ਕਿ ਦੋ ਸੌ ਮੀਟਰ ਦੀ ਇਕ ਗਲੀ ਦਾ ਠੇਕਾ ਜੇਕਰ 40 ਫੀਸਦੀ ਲੈਸ ‘ਤੇ ਦਿੱਤਾ ਜਾਂਦਾ ਹੈ ਤਾਂ ਉਸੇ ਤਰ੍ਹਾਂ ਦੀ ਦੂਸਰੀ ਗਲੀ ਨੂੰ ਬਨਾਉਣ ਲਈ ਇਸ ਤੋਂ ਕਾਫੀ ਜਿਆਦਾ ਲੈਸ ਤੇ ਠੇਕਾ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ? ਉਦਾਹਰਣ ਵਜੋਂ ਜੇਕਰ ਇਕ ਗਲੀ ਬਨਾਉਣ ਲਈ 3.50 ਲੱਖ ਰੁਪਏ ਦਾ ਟੈਂਡਰ ਖੁਲ੍ਹਦਾ ਹੈ ਤਾਂ ਉਸੇ ਤਰ੍ਹਾਂ ਦੀ ਦੂਸਰੀ ਗਲੀ ਦਾ ਠੇਕਾ ਸਿਰਫ ਦੋ ਲੱਖ ਰੁਪਏ ਵਿਚ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ? ਜਾਂ ਤਾਂ 3.50 ਲੱਖ ਦੇ ਠੇਕੇ ਵਿਚ ਕਮੀਸ਼ਨ ਦੇ ਗੱਫੇ ਵੰਡੇ ਜਾ ਰਹੇ ਹਨ ਤੇ ਜਾਂ ਦੋ ਲੱਖ ਵਾਲੇ ਠੇਕੇ ਵਿਚ ਸੀਮੇਂਟ ਦੀ ਥਾਂ ਰੇਤਾ ਥੱਪਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹੋ ਵਜ੍ਹਾ ਹੈ ਕਿ ਕਈ ਜਗ੍ਹਾ ਕਾਂਗਰਸੀ ਆਗੂਆਂ ਅਤੇ ਅਧਿਕਾਰੀਆਂ ਵਿਚਕਾਰ ਕਮੀਸ਼ਨ ਨੂੰ ਲੈ ਕੇ ਤਕਰਾਰਬਾਜੀ ਹੋ ਰਹੀ ਹੈ। ਜਨਤਾ ਵਿਕਾਸ ਨੂੰ ਤਰਸ ਰਹੀ ਹੈ ਤੇ ਸੱਤਾ ਧਿਰ ਦੇ ਆਗੂ ਅਧਿਕਾਰੀਆਂ ਨਾਲ ਕਮੀਸ਼ਨ ਨੂੰ ਲੈ ਕੇ ਉਲਝੇ ਫਿਰਦੇ ਹਨ। ਅਰੁਣ ਖੋਸਲਾ ਨੇ ਇਕ ਵਾਰ ਫਿਰ ਫਗਵਾੜਾ ਕਾਰਪੋਰੇਸ਼ਨ ਵਿਚ ਵਿਕਾਸ ਦੇ ਨਾਮ ਤੇ ਹੋ ਰਹੀ ਲੁੱਟ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਨਿਰਪੱਖ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਸੱਤਾ ਧਿਰ ਦੇ ਆਗੂਆਂ ਤੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਦਾ ਸਾਰਾ ਕੱਚਾ ਚਿੱਠਾ ਖੁਲ੍ਹ ਸਕਦਾ ਹੈ ਅਤੇ ਕਈ ਹੈਰਾਨ ਕਰਨ ਵਾਲੇ ਰਾਜ ਸਾਹਮਣੇ ਆ ਸਕਦੇ ਹਨ।