ਕਰਤਾਰਪੁਰ,23 ਜੂਨ ( ) – ਘਟੀਆ ਬਿਜਲੀ ਸਪਲਾਈ ਦੇ ਪ੍ਰਬੰਧਾਂ ਵਿਰੁੱਧ ਭੜਕੇ ਕਿਸਾਨਾਂ ਦੇ ਜਨਤਕ ਵਫ਼ਦ ਨੇ ਕਿਰਤੀ ਕਿਸਾਨ ਯੂਨੀਅਨ ਅਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪਾਵਰਕਾਮ ਡਵੀਜ਼ਨ ਕਰਤਾਰਪੁਰ ਵਿਨੈ ਸ਼ਰਮਾ ਨੂੰ ਮਿਲ ਕੇ ਮੰਗ ਕੀਤੀ ਕਿ ਖੇਤੀ ਮੋਟਰਾਂ ਨੂੰ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਲਗਾਏ ਜਾ ਰਹੇ ਕੱਟ ਬੰਦ ਕੀਤੇ ਜਾਣ। ਐਕਸੀਅਨ ਵਲੋਂ ਜਥੇਬੰਦੀਆਂ ਨੂੰ ਹਾਂ ਪੱਖੀ ਭਰੋਸਾ ਦਿੱਤਾ। ਦੋਨੋਂ ਜਥੇਬੰਦੀਆਂ ਨੇ ਮੰਗਾਂ ਉੱਤੇ ਅਮਲ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਗਰੂਪ ਸਿੰਘ ਨੇ ਦੱਸਿਆ ਕਿ ਖੇਤੀ ਮੋਟਰਾਂ ਨੂੰ ਝੋਨੇ ਸੀਜ਼ਨ ਦੌਰਾਨ ਸਰਕਾਰ ਦੇ 10 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਦਾਅਵੇ ਹਵਾਈ ਗੋਲੇ ਸਾਬਤ ਹੋ ਰਹੇ ਹਨ।ਪਾਵਰਕਾਮ ਅਧਿਕਾਰੀ ਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਬਿਧੀਪੁਰ, ਲਿੱਧੜਾਂ ਅਤੇ ਅੰਬੀਆਂ ਤੋਹਫ਼ਾ-ਚੀਮਾਂ ਫੀਡਰਾਂ ਨਾਲ ਸਬੰਧਤ ਦਰਜਨ ਦੇ ਕਰੀਬ ਪਿੰਡਾਂ ਵਿੱਚ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਦੇ ਭਾਰੀ ਕੱਟਣ ਲੱਗਣ ਅਤੇ ਦਿਨ ਚ ਸਿਰਫ਼ ਚਾਰ ਘੰਟੇ ਸਪਲਾਈ ਮਿਲਣ ਨਾਲ ਕਿਸਾਨਾਂ ਦਾ ਝੋਨੇ ਦੀ ਪਨੀਰੀ,ਝੋਨਾ,ਪਸ਼ੂਆਂ ਦਾ ਚਾਰਾ ਸੁੱਕ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ।ਵਾਰ ਵਾਰ ਪਾਵਰਕਾਮ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਣ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਘਟੀਆਂ ਪ੍ਰਬੰਧਾਂ ਖ਼ਿਲਾਫ ਕਿਸਾਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।ਜੇਕਰ ਅਜੇ ਵੀ ਵਿਭਾਗ ਦੀ ਜਾਗ ਨਾ ਖੁੱਲੀ ਤਾਂ ਅਧਿਕਾਰੀ ਕਿਸਾਨਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਜਗਰੂਪ ਸਿੰਘ ਅੰਬੀਆਂ ਤੋਹਫ਼ਾ,ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਚੀਮਾ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਅਮਰਜੀਤ ਸਿੰਘ, ਪੁਨੀਤ ਸਿੰਘ ਲਿੱਧੜ, ਲਖਵਿੰਦਰ ਸਿੰਘ ਨੂਸੀ,ਕਿ੍ਪਾਲ ਸਿੰਘ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਲਿੱਧੜ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕਸ਼ਮੀਰ ਸਿੰਘ ਘੁੱਗਸ਼ੋਰ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਿਰ ਸਨ।