ਜਲੰਧਰ,23 ਅਗਸਤ 
ਕਿਸਾਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜਲੰਧਰ ਚ ਧੰਨੋ ਵਾਲੀ ਹਾਈਵੇਅ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਅਤੇ ਗੰਨੇ ਦਾ ਰੇਟ ਵਧਾਉਣ ਲਈ ਲੱਗੇ ਪੱਕੇ ਜਾਮ ਵਿੱਚ ਅੱਜ ਚੌਥੇ ਦਿਨ ਵੀ ਸੈਂਕੜੇ ਵਰਕਰਾਂ ਨਾਲ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਪ੍ਰੀਤ ਸਿੰਘ ਉੱਪਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਧੱਕੇ ਨਾਲ ਕਿਸਾਨ ਵਿਰੋਧੀ ਕਾਨੂੰਨ ਥੋਪ ਰਹੀ ਹੈ ਉਥੇ ਦੂਸਰੇ ਪਾਸੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਦੀ 200 ਕਰੋੜ ਦੀ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਕੇ ਅਤੇ ਗੰਨੇ ਦਾ ਸਹੀ ਭਾਅ ਨਾ ਦੇ ਕੇ ਕਿਸਾਨੀ ਦੇ ਵਿਰੋਧ ਚ ਭੁਗਤ ਰਹੀ ਹੈ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸੋਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਇਹਨਾਂ ਲੋਕ ਵਿਰੋਧੀ ਕਾਨੂੰਨਾਂ ਨੇ ਕਿਸਾਨੀ ਤੋਂ ਜ਼ਮੀਨ ਖੋਹਣੀ ਹੈ, ਉਥੇ ਹੀ ਜ਼ਰੂਰੀ ਵਸਤਾਂ ਸਟੋਰੇਜ ਕਾਨੂੰਨ ਨੇ ਅੱਤ ਦਰਜੇ ਮਹਿੰਗਾਈ ਵਧਾ ਕੇ ਮਜ਼ਦੂਰ ਦੇ ਹੱਥ ਤੋਂ ਖਾਣ ਵਾਲੀਆਂ ਵਸਤਾਂ ਚੁੱਕ ਕੇ ਭੁੱਖ ਦੇ ਮੂੰਹ ਪਾਉਣਾ ਹੈ, ਦੂਸਰਾ ਬਿਜਲੀ ਐਕਟ ਨੇ ਮਜ਼ਦੂਰਾਂ ਨੂੰ ਮਿਲਦੀ ਮੁੱਫਤ ਬਿਜਲੀ ਸਹੂਲਤ ਵੀ ਖੋਹਣੀ ਹੈ ਤੇ ਜਨਤਕ ਵੰਡ ਪ੍ਰਣਾਲੀ ਤਹਿਤ ਮਿਲਦੇ ਦਾਣਿਆਂ ਨੂੰ ਵੀ ਬੰਦ ਕਰਵਾਉਣਾ ਹੈ। ਇਸੇ ਕਰਕੇ ਮਜ਼ਦੂਰ ਇਨ੍ਹਾਂ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ ਚ ਇਕਮੁੱਠਤਾ ਨਾਲ ਖੜਾ ਹੈ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਗੁਰਪ੍ਰੀਤ ਸਿੰਘ ਚੀਦਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਯੂਥ ਵਿੰਗ ਦੇ ਆਗੂ ਰਾਜੂ ਮੰਡ,ਬੂਟਾ ਸਿੰਘ ਸ਼ਾਦੀਪੁਰ,ਮੰਗਤ ਨੱਤ,ਵੀਰ ਕੁਮਾਰ ਆਦਿ ਹਾਜ਼ਰ ਸਨ।