ਬੁਢਲਾਡਾ :- ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਿਆਂ ਯੁਵਾ ਭਾਰਤ ਸਾਧੂ ਸਮਾਜ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਕਿਸਾਨਾਂ ਦੀ ਮੁਸ਼ਕਿਲ ਤੁਰੰਤ ਹੱਲ ਨਹੀਂ ਕਰਦੀ ਤਾਂ ਯੁਵਾ ਸਮਾਜ ਦੇ ਸਾਧੂ ਆਗਾਮੀ ਕੁੰਭ ਮੇਲੇ ‘ਚ ਸ਼ਾਮਲ ਨਹੀਂ ਹੋਣਗੇ। ਸੰਸਥਾ ਦੇ ਪ੍ਰਧਾਨ ਸਵਾਮੀ ਸ਼ਿਵਮ ਮਹੰਤ ਅਤੇ ਹੋਰਨਾ ਅਹੁਦੇਦਾਰਾਂ ਦੇ ਦਸਤਖਤਾਂ ਹੇਠ ਪ੍ਰਧਾਨ ਮੰਤਰੀ ਨੂੰ ਭੇਜੇ ਮੰਗ ਪੱਤਰ ‘ਚ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਕਰਕੇ ਅੰਦੋਲਨ ਖ਼ਤਮ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰੇਗੀ ਤਾਂ ਯੁਵਾ ਭਾਰਤ ਸਾਧੂ ਸਮਾਜ ਆਗਾਮੀ ਕੁੰਭ ਮੇਲੇ ‘ਚ ਸ਼ਾਮਲ ਨਹੀਂ ਹੋਵੇਗਾ ਅਤੇ ਹੋਰਨਾ ਸਾਧੂ ਸੰਤਾਂ ਨੂੰ ਵੀ ਕਿਸਾਨ ਅੰਦੋਲਨ ਦੇ ਹੱਕ ‘ਚ ਆਉਣ ਲਈ ਪ੍ਰੇਰਿਤ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰੇਗਾ। ਜ਼ਿਕਰਯੋਗ ਹੈ ਕਿ ਹਰਿਦੁਆਰ ਦਾ ਕੁੰਭ ਮੇਲਾ 14 ਜਨਵਰੀ ਤੋਂ 30 ਅਪ੍ਰੈਲ ਤੱਕ ਚੱਲੇਗਾ।