ਫਗਵਾੜਾ 25 ਸਤੰਬਰ (ਸ਼ਿਵ ਕੋੜਾ) ਮੋਦੀ ਸਰਕਾਰ ਵਲੋਂ ਸੰਸਦ ਵਿਚ ਪਾਸ ਕੀਤੇ ਖੇਤੀ ਬਿਲਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਫਗਵਾੜਾ ‘ਚ ਭਰਵਾਂ ਹੁੰਗਾਰਾ ਮਿਲਿਆ। ਜਿੱਥੇ ਮੰਡੀਆਂ, ਬਾਜਾਰ ਅਤੇ ਸੜਕਾਂ ਉੱਪਰ ਸੁੰਨ-ਮਸਾਨ ਨਜ਼ਰ ਆਈ ਉੱਥੇ ਹੀ ਸਿਆਸੀ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵਲੋਂ ਕਿਸਾਨਾ ਦੇ ਧਰਨੇ ਵਿਚ ਸ਼ਮੂਲੀਅਤ ਕਰਕੇ ਇਕਜੁੱਟਤਾ ਦਰਸਾਈ ਗਈ। ਹਾਲਾਂਕਿ ਬੈਂਕ ਖੁੱਲ ਰਹੇ ਪਰ ਲੋਕਾਂ ਦੀ ਆਮਦ ਨਾਮ ਮਾਤਰ ਹੀ ਸੀ। ਕਾਫੀ ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਨਜ਼ਰ ਆਈਆਂ ਜਦਕਿ ਸ਼ਰਾਬ ਦੇ ਠੇਕੇ ਪੂਰਣ ਤੌਰ ‘ਤੇ ਬੰਦ ਰਹੇ। ਪਿੰਡਾਂ ਵਿਚ ਵੀ ਬੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ। ਕਿਸਾਨ ਜੱਥੇਬੰਦੀਆਂ ਵਲੋਂ ਸ਼ੁਗਰ ਮਿਲ ਚੌਕ, ਮੇਹਲੀ ਮੇਹਟਾਂ ਬਾਈਪਾਸ ਰੋਡ ਆਦਿ ਵਿਖੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਦੀ ਆਵਾਜਾਈ ਸੁਚਾਰੂ ਰੱਖੀ ਗਈ। ਪੁਲਿਸ ਦੇ ਉੱਚ ਅਧਿਕਾਰੀ ਅਤੇ ਜਵਾਨ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਮੁਸਤੈਦ ਰਹੇ। ਸ੍ਰੋਮਣੀ ਅਕਾਲੀ ਦਲ (ਬ) ਵਲੋਂ ਦੁਪਿਹਰ 2 ਵਜੇ ਤੱਕ ਮੇਹਲੀ ਮੇਹਟਾਂ ਬਾਈਪਾਸ ਰੋਡ ਪਰ ਚੱਕਾ ਜਾਮ ਕੀਤਾ ਗਿਆ ਜਦਕਿ ਭਾਜਪਾ ਨੂੰ ਛੱਡ ਕੇ ਹੋਰ ਸਾਰੀਆਂ ਸਿਆਸੀ ਜੱਥਬੰਦੀਆਂ ਦੇ ਸਮਰਥਨ ਨਾਲ ਕਿਸਾਨ ਜੱਥੇਬੰਦੀਆਂ ਨੇ ਸ਼ੁਗਰ ਮਿਲ ਚੌਕ ਵਿਖੇ ਸ਼ਾਮ ਚਾਰ ਵਜੇ ਤੱਕ ਧਰਨਾ ਦੇ ਕੇ ਮੋਦੀ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਇਆ।