ਫਗਵਾੜਾ 12 ਦਸੰਬਰ (ਸ਼ਿਵ ਕੋੜਾ) ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਨੇ ਇਕ ਵਾਰ ਫਿਰ ਦਿੱਲੀ ਦੇ ਸਿੰਘੁ ਬਾਰਡਰ ਪੁੱਜ ਕੇ ਉੱਥੇ ਜਾਰੀ ਕਿਸਾਨਾ ਦੇ ਅੰਦੋਲਨ ਦੀ ਹਮਾਇਤ ਕੀਤੀ। ਉਹਨਾਂ ਦੇ ਨਾਲ ਜਸਵੰਤ ਸਿੰਘ ਸਰਪੰਚ ਜਗਪਾਲਪੁਰ, ਡਾ. ਵਾਹਦ, ਦੀਪਕ ਅੱਗਰਵਾਲ, ਪਰਵੇਸ਼ ਗੁਪਤਾ, ਵਿਪਨ ਕੁਮਰਾ, ਤਿਲਕਰਾਜ ਕਲੂਚਾ, ਪ੍ਰਮੋਦ ਦੁੱਗਲ, ਵਿਨੀਸ਼ ਸੂਦ, ਸੋਨੂ ਹਦੀਆਬਾਦ, ਚੰਦਰ ਮੋਹਨ ਸੋਨਾ, ਪਲਵਿੰਦਰ ਸਿੰਘ, ਆਸ਼ੂ ਅਰੋੜਾ ਆਦਿ ਵੀ ਸਨ। ਨਰੇਸ਼ ਭਾਰਦਵਾਜ ਨੇ ਵਾਪਸੀ ਫਗਵਾੜਾ ਪੁੱਜ ਕੇ ਗੱਲਬਾਤ ਦੌਰਾਨ ਕਿਹਾ ਕਿ ਇਹ ਉਹਨਾਂ ਦੀ ਦੂਸਰੀ ਫੇਰੀ ਸੀ। ਇਸ ਤੋਂ ਪਹਿਲਾਂ ਬੀਤੀ 26 ਨਵੰਬਰ ਨੂੰ ਵੀ ਉਹ ਸਾਥੀਆਂ ਸਮੇਤ ਕਿਸਾਨਾ ਦੀ ਹਮਾਇਤ ਲਈ ਸਿੰਘੁ ਬਾਰਡਰ ਗਏ ਸੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਨਾਲ ਪੂਰਾ ਦੇਸ਼ ਦੁਖੀ ਹੈ। ਦੇਸ਼ ਦੇ ਅੰਨਦਾਤਾ ਕਿਸਾਨਾ ਨਾਲ ਜਿਸ ਤਰ•ਾਂ ਅੜੀਅਲ ਰਵੱਈਆ ਮੋਦੀ ਸਰਕਾਰ ਦਿਖਾ ਰਹੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾ ‘ਚ ਮੋਦੀ ਸਰਕਾਰ ਪ੍ਰਤੀ ਭਾਰੀ ਗੁੱਸਾ ਹੈ ਅਤੇ ਜੇਕਰ ਕਿਸਾਨਾ ਦੀ ਮੰਗ ਦੇ ਅਨੁਸਾਰ ਕਾਲੇ ਖੇਤੀ ਕਾਨੂੰਨਾ ਨੂੰ ਵਾਪਸ ਨਾ ਲਿਆ ਗਿਆ ਤਾਂ ਕੇਂਦਰ ਦੀ ਤਾਨਾਸ਼ਾਹ ਸਰਕਾਰ ਦਾ ਅੰਤ ਹੁਣ ਨਜਦੀਕ ਹੈ। ਉਹਨਾਂ ਇਹ ਵੀ ਦੱਸਿਆ ਕਿ 14 ਦਸੰਬਰ ਨੂੰ ਪੰਜਾਬ ਕਾਂਗਰਸ ਵਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਸ਼ੰਭੂ ਬਾਰਡਰ ਵਿਖੇ ਕੀਤੇ ਜਾਣ ਵਾਲੇ ਰੋਸ ਮੁਜਾਹਰੇ ‘ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਕਿਸਾਨਾ ਦਾ ਵੱਡਾ ਜੱਥਾ ਫਗਵਾੜਾ ਤੋਂ ਸ਼ਾਮਲ ਹੋਵੇਗਾ।