ਫਗਵਾੜਾ 9 ਜਨਵਰੀ (ਸ਼ਿਵ ਕੋੜਾ) ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਹਰ ਹਾਲ ਵਿਚ ਵਾਪਸ ਲਿਆ ਜਾਣਾ ਚਾਹੀਦਾ ਹੈ। ਇਹ ਗੱਲ ਕਾਂਗਰਸੀ ਆਗੂ ਅਤੇ ਵਾਰਡ ਨੰਬਰ 28 ਤੋਂ ਕਾਰਪੋਰੇਸ਼ਨ ਚੋਣ ਲਈ ਪਾਰਟੀ ਟਿਕਟ ਦੀ ਮਜਬੂਤ ਦਾਅਵੇਦਾਰ ਸ੍ਰੀਮਤੀ ਗੁਰਪ੍ਰੀਤ ਕੌਰ ਜੰਡੂ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਾਰ-ਵਾਰ ਮੀਟਿੰਗਾਂ ਦੇ ਨਾਮ ‘ਤੇ ਅੰਦੋਲਨ ਨੂੰ ਲੰਬਾ ਖਿੱਚ ਰਹੀ ਹੈ ਤਾਂ ਜੋ ਅੰਦੋਲਨ ਨੂੰ ਕਮਜੋਰ ਕਰਕੇ ਕਿਸਾਨਾਂ ਨੂੰ ਅੰਦੋਲਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਕਿਸਾਨਾ ਦੀ ਰਾਏ ਲਏ ਬਿਨਾਂ ਸੰਸਦ ਵਿਚ ਧੱਕੇਸ਼ਾਹੀ ਨਾਲ ਕਾਨੂੰਨ ਪਾਸ ਕੀਤੇ ਅਤੇ ਇਹਨਾਂ ਕਾਨੂੰਨਾ ਨੂੰ ਕਿਸਾਨ ਪੱਖੀ ਪ੍ਰਚਾਰਨ ਵਿਚ ਕਸਰ ਨਹੀ ਛੱਡੀ ਪਰ ਜਦੋਂ ਕਿਸਾਨਾ ਨੇ ਤਿੱਖੇ ਤੇਵਰ ਅਖਤਿਆਰ ਕੀਤੇ ਤਾਂ ਹੁਣ ਕਾਨੂੰਨਾਂ ਵਿਚ ਸੁਧਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨ ਨਹੀ ਚਾਹੁੰਦੇ ਕਿ ਇਹ ਕਾਨੂੰਨ ਲਾਗੂ ਹੋਣ ਤਾਂ ਸਰਕਾਰ ਨੂੰ ਵੀ ਜਿੱਦ ਛੱਡ ਦੇਣੀ ਚਾਹੀਦੀ ਹੈ। ਜੇਕਰ ਮੋਦੀ ਸਰਕਾਰ ਨੇ ਜਿੱਦ ਨਾ ਛੱਡੀ ਤਾਂ ਬਹੁਤ ਜਲਦੀ ਇਹ ਸਰਕਾਰ ਕਿਸਾਨ ਆਂਦੋਲਨ ਦੀ ਬਲੀ ਚੜ੍ਹ ਜਾਵੇਗੀ।