
ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆਂ
ਮਹਾਂਵਿਦਿਆਲਿਆ, ਜਲੰਧਰ ਦੁਆਰਾ ਕੋਰੋਨਾ ਮਹਾਂਮਾਰੀ ਨਾਲ ਉਤਪੰਨ ਅਣਸੁਖਾਵੀਆਂ ਸਥਿਤੀਆਂ ਵਿੱਚ ਵੀ ਗੁਣਾਤਮਕ
ਸਿੱਖਿਆ ਆਪਣੀਆਂ ਵਿਦਿਆਰਥਣਾਂ ਨੂੰ ਪ੍ਰਦਾਨ ਕਰਨ ਵਿੱਚ ਨਿਰੰਤਰ ਯਤਨਸ਼ੀਲ ਰਹਿੰਦੇ ਹੋਏ ਸਫ਼ਲਤਾ ਹਾਸਿਲ ਕੀਤੀ ਗਈ ਹੈ।
ਆਪਣੇ ਐਜੂਕੇਸ਼ਨ ਵਿਜ਼ਨ ਅਤੇ ਮਿਸ਼ਨ ਨੂੰ ਕੇਂਦਰ ਵਿੱਚ ਰੱਖਦੇ ਹੋਏ ਕੇ .ਐੱਮ.ਵੀ. ਦੁਆਰਾ ਅੰਤਰਰਾਸ਼ਟਰੀ ਸੀਰੀਜ਼ ਦੇ ਅੰਤਰਗਤ
ਇੰਡੋ-ਹੰਗੇਰੀਅਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਮਹਾਂਮਾਰੀ ਕਾਲ ਦੇ ਵਿਚ ਵਿਦਿਆਰਥਣਾਂ ਨੂੰ ਉੱਤਮ ਸਿੱਖਿਆ ਪ੍ਰਦਾਨ ਕਰਨ
ਦੇ ਹਰੇਕ ਸਾਰਥਕ ਮੌਕੇ ਨੂੰ ਅਪਨਾਉਣ ਵਾਲੇ ਕੇ.ਐਮ.ਵੀ. ਦੁਆਰਾ ਸਾਈਕੋਲੌਜੀ ਦੀਆਂ ਵਿਦਿਆਰਥਣਾਂ ਲਈ ਆਨਲਾਈਨ
ਅੰਤਰਰਾਸ਼ਟਰੀ ਕਲਾਸਾਂ ਦੀ ਨਿਰਵਿਘਨ ਸ਼ੁਰੁਆਤ ਕੀਤੀ ਗਈ,ਜਿਨ੍ਹਾਂ ਦੇ ਅੰਤਰਗਤ ਵਿਦਿਆਰਥਣਾਂ ਨੂੰ ਡਾ. ਰੌਬਰਟ ਅਰਬਨ,
ਪ੍ਰੋਫ਼ੈਸਰ, ਈਟੋਵੌਸ ਲੋਰੈਂਡ ਯੂਨੀਵਰਸਿਟੀ, ਹੰਗਰੀ ਦੁਆਰਾ ਹੈਲਥ ਸਾਇਕੌਲੋਜੀ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਨ੍ਹਾਂ
ਕਲਾਸਾਂ ਦੀ ਹੋਂਦ ਕੇ.ਐਮ.ਵੀ. ਅਤੇ ਈਟੋਵੌਸ ਲੌਰੈਂਟ ਯੂਨੀਵਰਸਿਟੀ ਵਿਚਕਾਰ ਵਿਦਿਆਲਾ ਪ੍ਰਿੰਸੀਪਲ ਪ੍ਰੋ.ਅਤਿਮਾ ਸ਼ਰਮਾ ਦਿਵੇਦੀ
ਦੀ ਇਨੋਵਾਸ ਲੋਰੈਂਡ ਯੂਨੀਵਰਸਿਟੀ, ਹੰਗਰੀ ਫੇਰੀ ਦੌਰਾਨ ਹੋਏ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਾਰਨ ਹੀ ਸੰਭਵ ਹੋ ਸਕੀ ਹੈ।
ਉਸ ਸਮੇਂ ਤੋਂ ਲੈ ਕੇ ਹੀ ਹੰਗਰੀ ਦੇ ਅਧਿਆਪਕਾਂ ਦੁਆਰਾ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਮਹੱਤਵਪੂਰਨ
ਪਹਿਲੂ ਅਤੇ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰੰਤੂ ਮਹਾਂਮਾਰੀ ਦੇ ਚੱਲਦੇ ਉਨ੍ਹਾਂ ਦੀਆਂ ਫੇਰੀਆਂ ਦੀ ਅਨਿਸ਼ਚਿਤਤਾ ਵੇਖਦੀ ਹੋਈ
ਕੇ.ਐੱਮ.ਵੀ. ਦੁਆਰਾ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਡਾ. ਰੌਬਰਟ ਦੁਆਰਾ ਹਰੇਕ ਹਫ਼ਤੇ ਵਿਦਿਆਰਥਣਾਂ ਦੇ ਲਈ
ਆਨਲਾਈਨ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਜਾਂਦਾ ਹੈ ਜਿਸ ਦੌਰਾਨ ਉਨ੍ਹਾਂ ਦੁਆਰਾ ਵਿਦਿਆਰਥਣਾਂ ਨੂੰ ਭੇਜੀਆਂ ਗਈਆਂ
ਵੀਡੀਓਜ਼, ਪ੍ਰੈਜ਼ੈਂਟੇਸ਼ਨਜ਼ ਅਤੇ ਅਧਿਐਨ ਸਮੱਗਰੀ ਸਬੰਧੀ ਵਿਚਾਰ ਚਰਚਾ ਕਰਨ ਦੇ ਨਾਲ-ਨਾਲ ਵਿਦਿਆਰਥਣਾਂ ਦੀਆਂ ਸ਼ੰਕਾਵਾਂ
ਨੂੰ ਵੀ ਦੂਰ ਕੀਤਾ ਜਾਂਦਾ ਹੈ। ਇਨ੍ਹਾਂ ਐਕਟਿਵ ਆਨਲਾਈਨ ਕਲਾਸਾਂ ਰਾਹੀਂ ਜਿਥੇ ਵਿਦਿਆਰਥਣਾਂ ਅਜਿਹੇ ਚੁਣੌਤੀਪੂਰਨ ਸਮੇਂ ਵਿੱਚ
ਵੀ ਕਿਸੇ ਵੀ ਵਿਅਕਤੀ ਦੀ ਚੰਗੀ ਸਿਹਤ ਅਤੇ ਭਲਾਈ ਬਾਰੇ ਸਿੱਖਿਆ ਹਾਸਿਲ ਕਰ ਰਹੀਆਂ ਹਨ ਉੱਥੇ ਨਾਲ ਹੀ ਆਪਣਾ ਬੌਧਿਕ
ਵਿਕਾਸ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਹਾਸਿਲ ਕਰ ਰਹੀਆਂ ਹਨ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ
ਸ਼ਰਮਾ ਦਿਵੇਦੀ ਨੇ ਦੱਸਿਆ ਕਿ ਇਸ ਐਕਸਚੇਂਜ ਪ੍ਰੋਗਰਾਮ ਨੂੰ ਸ਼ਾਨਦਾਰ ਸਫ਼ਲਤਾ ਅਤੇ ਵਿਦਿਆਰਥਣਾਂ ਵਲੋਂ ਭਰਪੂਰ ਸ਼ਲਾਘਾ
ਹਾਸਿਲ ਹੋ ਚੁੱਕੀ ਹੈ ਕਿਉਂਕਿ ਇਸ ਉਪਰਾਲੇ ਤੋਂ ਸੱਚਮੁੱਚ ਹੀ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਐਕਸਪੋਜ਼ਰ ਪ੍ਰਾਪਤ ਹੋਇਆ ਹੈ।
ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ਤੇ ਵਿਸ਼ਵ ਭਰ ਦੀਆਂ ਉੱਘੀਆਂ ਯੂਨੀਵਰਸਿਟੀਆਂ ਤੋੋਂ ਅੰਤਰਰਾਸ਼ਟਰੀ ਫੈਕਲਟੀ
ਦੁਆਰਾ ਐਕਸਚੇਂਜ ਪ੍ਰੋਗਰਾਮ ਦੇ ਅੰਤਰਗਤ ਕੇ.ਐਮ.ਵੀ. ਵਿਖੇ ਵਿਦਿਆਰਥਣਾਂ ਦੀਆਂ ਕਲਾਸਾਂ ਆਯੋਜਿਤ ਕਰਨ ਦੇ ਨਾਲ-ਨਾਲ
ਉਨ੍ਹਾਂ ਨੂੰ ਵਿਸ਼ਵ ਪੱਧਰੀ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ ।