ਫਗਵਾੜਾ 5 ਅਕਤੂਬਰ (ਸ਼ਿਵ ਕੋੜਾ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਲ ਪਾਸ ਕਰਨ ਅਤੇ ਯੂ ਪੀ ਵਿਚ ਮਨੀਸ਼ਾ ਕਾਂਡ ਵਿਚ ਯੋਗੀ ਸਰਕਾਰ ਦੀ ਗੈਰ ਕਾਨੂੰਨੀ ਕਾਰਵਾਈ ਦੇ ਖ਼ਿਲਾਫ਼ ਅਤੇ ਬੇਟੀ ਨੂੰ ਇਨਸਾਫ਼ ਦਿਵਾਉਣ ਲਈ ਫਗਵਾੜਾ ਵਿਚ ਕੇਂਦਰ ਦੇ ਨੁਮਾਇੰਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘੇਰਾਉ ਕਰਨ ਲਈ ਫਗਵਾੜਾ ਯੂਥ ਕਾਂਗਰਸ ਪ੍ਰਧਾਨ ਕਰਮਬੀਰ ਸਿੰਘ ਕੰਮਾਂ ਦੀ ਅਗਵਾਈ ਵਿਚ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ,ਜਿਸ ਵਿਚ ਯੁਵਾ ਕਾਂਗਰਸੀ ਨੇਤਾ ਸੰਨੀ ਸਲਹਣ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸੈਂਕੜਿਆਂ ਦੀ ਗਿਣਤੀ ਵਿਚ ਯੂਥ ਕਾਂਗਰਸ ਵਰਕਰਾਂ,ਕਿਸਾਨ,ਮਜ਼ਦੂਰਾਂ ਦੇ ਕਾਫ਼ਲੇ ਨੇ ਹਰਗੋਬਿੰਦ ਨਗਰ ਤੋਂ ਅਰਬਨ ਐਸਟੇਟ ਸੋਮ ਪ੍ਰਕਾਸ਼ ਦੀ ਕੋਠੀ ਵੱਲ ਨਾਅਰੇਬਾਜ਼ੀ ਕਰਦੇ ਹੋਏ ਕੂਚ ਕੀਤਾ। ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਰਬਨ ਐਸਟੇਟ ਵਿਖੇ ਰੋਕ ਲਿਆ ਅਤੇ ਮਾਮੂਲੀ ਧੱਕਾਮੁੱਕੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਉੱਥੇ ਹੀ ਧਰਨਾ ਲਾ ਦਿੱਤਾ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਬਾਅਦ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪੁਤਲਾ ਸਾੜਿਆ ਗਿਆ ਅਤੇ ਪਿੱਟ ਸਿਆਪਾ ਕੀਤਾ ਗਿਆ।ਰੈਲੀ ਵਿਚ ਉਚੇਚੇ ਤੋਰ ਤੇ ਪੁੱਜੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ),ਜੋ ਅਕਸਰ ਸ਼ਾਂਤ ਰਹਿੰਦੇ ਹਨ ਦਾ ਗ਼ੁੱਸੇ ਭਰਿਆ ਰੂਪ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਗਰਜਣਾ ਕਰਦੇ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ ਅਤੇ ਆਪਣੇ ਦੋਸਤਾ ਦੀ ਪੁਸ਼ਤ ਪਨਾਹੀ ਲਈ ਕੰਮ ਕਰ ਰਹੀ ਹੈ, ਹਰ ਵਰਗ ਦਾ ਜ਼ੀਨਾਂ ਮੁਹਾਲ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਧੰਨ ਕੁਬੇਰ ਦੋਸਤਾਂ ਨੂੰ ਖ਼ੁਸ਼ ਕਰਨ ਲਈ  ਪੰਜਾਬ ਦੇ ਕਿਸਾਨ ਅਤੇ ਕਿਸਾਨੀ ਨੂੰ ਖ਼ਤਮ ਕਰਨ ਲਈ ਜ਼ਬਰਦਸਤੀ ਤਿੰਨ ਬਿਲ ਬਿਨਾਂ ਕਿਸੇ ਬਹਿਸ ਦੇ ਪਾਸ ਕਰ ਦਿੱਤੇ। ਜਦਕਿ ਸੰਬੰਧਿਤ ਧਿਰਾਂ ਨੂੰ ਵਿਸ਼ਵਾਸ ਵਿਚ ਹੀ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸੋਮ ਪ੍ਰਕਾਸ਼ ਕੈਂਥ ਜੋ ਪੰਜਾਬ ਵਿਚੋਂ ਵੋਟਾਂ ਲੈ ਕੇ ਸੰਸਦ ਵਿਚ ਪਹੁੰਚੇ,ਉੱਥੇ ਜਾ ਕੇ ਕਿਸਾਨੀ ਅਤੇ ਪੰਜਾਬ ਦੇ ਹਿਤਾਂ ਲਈ ਕਦੇ ਗੱਲ ਨਹੀਂ ਕੀਤੀ,ਉਲਟੇ ਪਾਰਟੀ ਅਤੇ ਨਿੱਜੀ ਹਿਤਾਂ ਤੇ ਪੰਜਾਬ ਦੇ ਹਿਤ ਦਾਅ ਤੇ ਲਾ ਦਿੱਤੇ। ਉਨ੍ਹਾਂ ਸਾਫ਼ ਕਿਹਾ ਕਿ ਸੋਮ ਪ੍ਰਕਾਸ਼ ਨੇ ਪੰਜਾਬ ਦਾ ਖਾ ਕੇ ਪੰਜਾਬ ਅਤੇ ਕਿਸਾਨਾਂ ਦੇ ਹਿਤਾਂ ਨਾਲ ਧਰੋਹ ਕੀਤਾ। ਅੱਜ ਉਨ੍ਹਾਂ ਨੂੰ ਲੋਕਾਂ ਦਾ ਸਾਹਮਣਾ ਕਰਨ ਵਿਚ ਸ਼ਰਮ ਆਉਂਦੀ ਹੈ। ਉਨ੍ਹਾਂ ਨੇ ਗਰਜਦੇੇ ਹੋਏ ਕਿਹਾ ਕਿ ਅਗਰ ਸੋਮ ਪ੍ਰਕਾਸ਼ ਵਿਚ ਦਮ ਹੈ ਤਾਂ ਕਠਪੁਤਲੀ ਡਾਂਸ ਕਰਵਾਉਣ ਦੀ ਬਜਾਏ,ਸਾਹਮਣੇ ਆਕੇ ਮੁਕਾਬਲਾ ਕਰਨ ਅਤੇ ਲੋਕਾਂ ਨੂੰ ਫੇਸ ਕਰਨ। ਧਾਲੀਵਾਲ ਨੇ ਕਿਹਾ ਅਗਰ ਇਹੀ ਹਾਲ ਰਿਹਾ ਤਾਂ ਆਗਾਮੀ ਵਿਧਾਨ ਸਭਾ ਚੋਣਾਂ,ਲੋਕ ਸਭਾ ਚੋਣਾ ਵਿਚ ਸੋਮ ਪ੍ਰਕਾਸ਼ ਦਾ ਪਿੰਡਾ ਵਿਚ ਵੜਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਗਵਾੜੇ ਦੇ ਲੋਕ ਹੁਣ ਪਰਚੇ ਵਾਲੇ ਬਾਬੇ ਅਤੇ ਪਰਚੀਆਂ ਵਾਲੇ ਬਾਬੇ ਦੀ ਪਰਵਾਹ ਨਹੀਂ ਕਰਦੇ। ਜਿੱਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਭ ਖੁੱਲਰ ਨੇ ਕਿਹਾ ਕਿ ਕਿਸਾਨ ਬਿੱਲਾਂ ਅਤੇ ਮਨੀਸ਼ਾ ਕਾਂਡ ਨੂੰ ਲੈ ਕੇ ਪੰਜਾਬ ਦਾ ਯੁਵਾ,ਪੰਜਾਬ ਦਾ ਕਿਸਾਨ ਗ਼ੁੱਸੇ ਵਿਚ ਹੈ ਅਤੇ ਮੋਦੀ ਯੋਗੀ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਉਨਾ ਕਿਹਾ ਕਿ ਅੱਜ ਭਾਜਪਾ ਦਾ ਕੋਈ ਨੇਤਾ ਕਾਂਗਰਸ ਦੇ ਮੁਕਾਬਲੇ ਵਿਚ ਆਕੇ ਗਲ ਕਰਨ ਦੀ ਔਕਾਤ ਨਹੀਂ ਰੱਖਦਾ। ਫਗਵਾੜਾ ਯੂਥ ਕਾਂਗਰਸ ਪ੍ਰਧਾਨ ਕਰਮਬੀਰ ਸਿੰਘ ਕੰਮਾਂ ਨੇ ਕਿਹਾ ਕਿ ਯੁਵਾ ਵਰਗ ਦਾ ਇਹ ਇਕੱਠ ਸੋਮ ਪ੍ਰਕਾਸ਼ ਲਈ ਚੇਤਾਵਨੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਸਮਝਾਉਣ ਕਿ ਜੇ ਕਿਸਾਨਾਂ ਨਾਲ, ਮਨੀਸ਼ਾ ਨਾਲ ਇਨਸਾਫ਼ ਨਾ ਹੋਇਆ ਤਾਂ ਪੰਜਾਬ ਦਾ ਯੁਵਾ,ਪੰਜਾਬ ਦਾ ਦਲਿਤ, ਪੰਜਾਬ ਦਾ ਕਿਸਾਨ 2022 ਵਿਚ ਭਾਜਪਾ ਦੇ ਪੋਸਟਰ ਤੱਕ ਨਹੀਂ ਲੱਗਣ ਦੇਵੇਗਾ। ਭਾਜਪਾ ਜੋ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਫ਼ਨਾ ਦੇਖ ਰਹੀ ਹੈ ਕਿਤੇ ਉਸ ਦਾ ਹਾਲ ਉਨ੍ਹਾਂ ਦੇ ਸਹਿਯੋਗੀ ਅਕਾਲੀ ਦਲ ਵਰਗਾ ਨਾ ਹੋ ਜਾਵੇ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ, ਵਿਨੋਦ ਵਰਮਾਨੀ,ਮਾਰਕਿਟ ਕਮੇਟੀ ਉਪ ਚੇਅਰਮੈਨ ਜਗਜੀਵਨ ਖਲਵਾੜਾ,ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਸੁਖਮਿੰਦਰ ਸਿੰਘ ਰਾਣੀਪੁਰ,ਗੁਰਜੀਤ ਪਾਲ ਵਾਲੀਆ,ਸਾਬਕਾ ਕੌਂਸਲਰ ਸੁਸ਼ੀਲ ਮੈਣੀ,ਰਾਮ  ਪਾਲ ਉੱਪਲ,ਜਤਿੰਦਰ ਵਰਮਾਨੀ,ਮਨੀਸ਼ ਪ੍ਰਭਾਕਰ,ਅਮਰਜੀਤ ਸਿੰਘ,ਦਰਸ਼ਨ ਲਾਲ ਧਰਮਸੋਤ,ਬੰਟੀ ਵਾਲੀਆ,ਓਮ ਪ੍ਰਕਾਸ਼ ਬਿੱਟੂ,ਗੁਰਦੀਪ ਦੀਪਾ,ਗੁਰਮੀਤ ਬੇਦੀ,ਗੁਰਦੀਪ ਗਰੇਵਾਲ,ਗੁਰਸ਼ਿੰਦਰ ਸਿੰਘ, ਵਿਕੀ ਵਾਲੀਆ, ਕੁਲਵਿੰਦਰ ਸਿੰਘ ਸਰਪੰਚ ਚੱਕ ਹਕੀਮ,ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਣ,ਸੁੱਖਾ ਪੰਚ ਖਲਿਆਨ, ਸੰਜੀਵ ਜੱਜੀ ਭਟਾਰਾ, ਕਮਲ ਧਾਲੀਵਾਲ,ਬਲਜੀਤ ਭੁਲਾਰਾਈ,ਮਲਕੀਤ,ਗੋਲਡੀ ਬਸਰਾ,ਰਾਜਨ ਸ਼ਰਮਾ,ਹਨੀ ਧਾਲੀਵਾਲ,ਉਦੇ ਖੁੱਲਰ,ਮੰਨਣ ਸ਼ਰਮਾ,ਮਨੀ,ਰਾਹੁਲ ਵਰਮਾ,ਅਮਨਦੀਪ ਸਿੰਘ ਭੁਲਾਰਾਈ ਆਦਿ ਮੌਜੂਦ ਸਨ।