ਚੰਡੀਗੜ,14 ਸਤੰਬਰ ( ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ’ਚ ਚੱਲ ਰਹੇ ਕਿਸਾਨ ਧਰਨਿਆਂ ਸਬੰਧੀ ਆਪਣੇ ਭਾਸ਼ਣ ’ਚ ਇਹਨਾਂ ਧਰਨਿਆਂ ਨੂੰ ਪੰਜਾਬ ਦੇ ਵਿਕਾਸ ਲਈ ਰੁਕਾਵਟ ਦੱਸੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪੰਜਾਬ ’ਚ ਕਾਂਗਰਸ ਦੇ ਸਾਢੇ ਚਾਰ ਸਾਲ ਦਾ ਰਾਜ ਵਿਕਾਸ ਦਾ ਮੂੰਹ ਚਿੜਾਉਦਾ ਹੈ।ਪਾਰਟੀ ਵਲੋਂ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਕੈਪਟਨ ਦਾ ਇਹ ਕਹਿਣਾ ਹੋਰ ਵੀ ਨਿੰਦਣਯੋਗ ਹੈ ਕਿ ਪੰਜਾਬ ਸਰਕਾਰ ਕਾਰਨ ਹੀ ਪੰਜਾਬ ਦੇ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰਾਂ ’ਤੇ ਪਹੁੰਚੇ ਹਨ,ਉਹ ਕਿਸੇ ਦੀ ਦਇਆ ਜਾਂ ਰਹਿਮ ਕਰਕੇ ਨਹੀਂ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੁੱਲ ਰਹੇ ਹਨ ਕਿ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਥਾਂ-ਥਾਂ ਲਾਏ ਬੈਰੀਕੇਡ ਤੋੜ ਕੇ, ਡੂੰਘੇ-ਡੂੰਘੇ ਖੱਡੇ ਪੁੱਟ ਕੇ ਖੜੀਆਂ ਕੀਤੀਆਂ ਰੁਕਾਵਟਾਂ, ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦਾ ਸਾਹਮਣਾ ਕਰਦੇ ਹੋਏ ਅਤੇ ਪੁਲੀਸ ਤਸ਼ੱਦਦ ਦਾ ਵਿਰੋਧ ਕਰਦੇ ਹੋਏ ਕਿਸਾਨ ਦਿੱਲੀ ਬਾਰਡਰਾਂ ’ਤੇ ਪਹੁੰਚੇ ਸਨ। ਕਿਸਾਨਾਂ ਦੀ ਆਪਣੇ ਨਿਸ਼ਾਨੇ ਪ੍ਰਤੀ ਸਪੱਸ਼ਟਤਾ, ਏਕਤਾ, ਦਿ੍ਰੜ ਇਰਾਦੇ ਅਤੇ ਹੌਸਲਾ ਸਭ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਪਹੁੰਚ ਕੇ ਫਾਸ਼ੀਵਾਦੀ ਮੋਦੀ ਖੱਟੜ ਸਰਕਾਰ ਦੀ ਹੈਂਕੜ ਭੰਨੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦਾ ਧਰਨੇ ਖਤਮ ਕਰਨ ਦੀ ਅਪੀਲ ਨੇ ਕਾਂਗਰਸ ਦੇ ਕਿਸਾਨ ਹਿਤੈਸ਼ੀ ਹੋਣ ਦਾ ਹੀਜ-ਪਿਆਜ ਸਾਹਮਣੇ ਲੈ ਆਂਦਾ ਹੈ। ਇਉ ਕਰਕੇ ਉਹ ਮੋਦੀ-ਸ਼ਾਹ ਦੀ ਬੋਲੀ ਬੋਲ ਰਹੇ ਹਨ। ਪਾਰਟੀ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਅਤੇ ਸਰਗਰਮ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਕਿਸਾਨਾਂ ਨੂੰ ਦਿੱਲੀ ’ਚ ਚੱਲ ਰਹੇ ਮੋਰਚਿਆਂ ਵੱਲ ਵੱਡੀ ਗਿਣਤੀ ’ਚ ਚਾਲੇ ਪਾਉਣ ਦਾ ਸੱਦਾ ਵੀ ਦਿੱਤਾ।