ਜਲੰਧਰ : ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਸੁਰਜੀਤ ਹਾਕੀ ਸੁਸਾਇਟੀ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ 11 ਅਕਤੂਬਰ ਨੂੰ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਕਰਵਾਏ ਜਾ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਨਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜ਼ਿਨ੍ਹਾ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਸ੍ਰੀ ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ ਨੇ ਕਿਹਾ ਕਿ ਇਸ ਸਾਲ ਇਹ ਟੂਰਨਾਮੈਂਟ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 10 ਤੋਂ 19 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਅਕਤੂਬਰ ਨੂੰ ਨਾਕ ਆਊਟ ਮੈਚ ਖੇਡਿਆ ਜਾਵੇਗਾ ਅਤੇ ਅਧਿਕਾਰਤ ਤੌਰ ’ਤੇ 11 ਅਕਤੂਬਰ ਤੋਂ ਹਾਕੀ ਟੂਰਨਾਮੈਂਟ ਆਰੰਭ ਹੋਵੇਗਾ। ਡਿਪਟੀ ਕਮਿਸਨਰ ਨੇ ਕਿਹਾ ਕਿ ਇਸ ਵਾਰ ਟੂਰਨਾਮੈਂਟ ਵਿੱਚ 13  ਟੀਮਾਂ ਜਿਨਾਂ ਵਿੱਚ ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਨੇਵੀ ਮੁੰਬਈ, ਆਰਮੀ ਇਲੈਵਨ, ਆਇਲ ਐਂਡ ਨੈਚਰਲ ਗੈਸ ਕਮਿਸ਼ਨ, ਦੇਹਰਾਦੂਨ, ਇੰਡੀਅਨ ਏਅਰ ਫੋਰਸ, ਦਿੱਲੀ, ਪੰਜਾਬ ਐਂਡ ਸਿੰਧ ਬੈਂਕ, ਇੰਡੀਅਨ ਰੇਲਵੇ, ਦਿੱਲੀ, ਪੰਜਾਬ ਪੁਲਿਸ, ਏਅਰ ਇੰਡੀਆ, ਮੁੰਬਾਈ ਐਂਡ ਇੰਡੀਅਨ ਆਇਲ, ਮੁੰਬਈ, ਆਰ.ਸੀ.ਐਫ ਜਲੰਧਰ, ਬੀ.ਐਸ.ਐਫ. ਜਲੰਧਰ ਅਤੇ ਸੀ.ਏ.ਜੀ. ਦਿੱਲੀ ਵਲੋਂ ਹਿੱਸਾ ਲਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਦੋਰਾਨ ਜੇਤੂ ਟੀਮ ਨੂੰ 5.50 ਲੱਖ ਦਾ ਪਹਿਲਾ ਅਤੇ ਦੂਜੀ ਟੀਮ ਨੂੰ 2.51 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ 51000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਸੁਰਜੀਤ ਹਾਕੀ ਸੁਸਾਇਟੀ ਵਲੋਂ ਲੱਕੀ ਡਰਾਅ ਰਾਹੀਂ ਆਲਟੋ ਕਾਰ, ਡੁਬਈ ਦਾ ਟੂਰ, ਮੋਟਰ ਸਾਈਕਲ, ਟੀ.ਵੀ. ਫਰਿੱਜ ਆਦਿ ਇਨਾਮ ਦਰਸ਼ਕਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਨੇ ਕਈ ਨਾਮੀ ਖਿਡਾਰੀ ਪੈਦਾ ਕੀਤੇ ਹਨ ਜਿਨਾਂ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨੌਜਵਾਨ ਖਿਡਾਰੀਆਂ ਨੂੰ 550 ਖੇਡ ਕਿੱਟਾਂ ਤਕਸੀਮ ਕੀਤੀਆਂ ਜਾਣਗੀਆਂ। ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਟੂਰਨਾਮੈਂਟ ਦੌਰਾਨ ਸੁਰੱਖਿਆ ਅਤੇ ਅਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਲਖਵਿੰਦਰਪਾਲ ਸਿੰਘ ਖਹਿਰਾ, ਆਰ.ਐਲ.ਨਈਅਰ, ਸੁਰਿੰਦਰ ਸਿੰਘ ਭਾਪਾ ਅਤੇ ਹੋਰ ਵੀ ਹਾਜ਼ਰ ਸਨ।