ਫਗਵਾੜਾ 1 ਜੂਨ (ਸ਼ਿਵ ਕੋੜਾ) ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਨਜਿੱਠਣ ‘ਚ ਕਾਂਗਰਸ ਅਤੇ ਭਾਜਪਾ ਦੋਵੇਂ ਸਰਕਾਰਾਂ ਫੇਲ ਹੋਈਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਭੁੰਗਰਨੀ ਅਤੇ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਂਸਲਰ ਨੇ ਗੱਲਬਾਤ ਦੌਰਾਨ ਸਾਂਝੇ ਤੌਰ ਤੇ ਕੀਤਾ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਕੇਂਦਰੀ ਪੱਧਰ ਤੇ ਜਿੱਥੇ ਮੋਦੀ ਸਰਕਾਰ ਸੂਬਿਆਂ ਨੂੰ ਵੈਕਸੀਨ, ਆਕਸੀਜਨ ਆਦਿ ਹੋਰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਵਿਚ ਨਾਕਾਮ ਰਹੀ ਹੈ ਉੱਥੇ ਹੀ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਹੇਠਾਂ ਤੋਂ ਲੈ ਕੇ ਉਪਰ ਤੱਕ ਆਪਸੀ ਗੁਟਬੰਦੀ ਨੇ ਲੋਕਾਂ ਦੀ ਜਿੰਦਗੀ ਨੂੰ ਨਾਂ ਸਿਰਫ ਖਤਰੇ ‘ਚ ਪਾਇਆ ਬਲਕਿ ਹਜਾਰਾਂ ਹੀ ਕੀਮਤੀ ਜਾਨਾਂ ਕੋਰੋਨਾ ਦੀ ਭੇਂਟ ਚੜ੍ਹ ਗਈਆਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਮੇਂ ਲੋਕਾਂ ਦੀ ਜਿੰਦਗੀ ਤੋਂ ਜਿਆਦਾ ਆਪਣੀ ਕੁਰਸੀ ਕੀਮਤੀ ਲੱਗਦੀ ਹੈ ਜਿਸ ਨੂੰ ਬਚਾਉਣ ਵਿਚ ਸਾਰਾ ਧਿਆਨ ਲਗਾਇਆ ਹੋਇਆ ਹੈ ਅਤੇ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਵਰਗੇ ਆਗੂ ਇਸ ਸਮੇਂ ਕੋਰੋਨਾ ਦੀ ਬਜਾਏ ਕੈਪਟਨ ਨਾਲ ਆਪਸੀ ਲੜਾਈ ਨੂੰ ਵਧੇਰੇ ਤਵੱਜੋ ਦੇ ਰਹੇ ਹਨ। ਇਹੋ ਵਜ੍ਹਾ ਹੈ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਖਸਤਾ ਹੈ ਅਤੇ ਕੋਰੋਨਾ ਮਰੀਜ ਉੱਥੇ ਜਾਣਾ ਨਹੀਂ ਚਾਹੁੰਦੇ। ਗਰੀਬ ਲੋਕਾਂ ਲਈ ਪ੍ਰਾਈਵੇਟ ਹਸਪਤਾਲਾਂ ‘ਚ ਮਹਿੰਗਾ ਇਲਾਜ ਕਰਾਉਣਾ ਸੰਭਵ ਨਹੀਂ ਤੇ ਬਹੁਤ ਸਾਰੇ ਮਰੀਜ ਘਰਾਂ ‘ਚ ਹੀ ਕੋਰੋਨਾ ਨਾਲ ਜੱਦੋਜਹਿਦ ਕਰਨ ਲਈ ਮਜਬੂਰ ਹਨ ਜਿਸ ਕਰਕੇ ਵੀ ਮੌਤਾਂ ਦੀ ਗਿਣਤੀ ਪੰਜਾਬ ‘ਚ ਜਿਆਦਾ ਹੈ। ਠੇਕੇਦਾਰ ਅਤੇ ਭੁੰਗਰਨੀ ਨੇ ਸ੍ਰੋਮਣੀ ਕਮੇਟੀ ਵਲੋਂ ਕੋਰੋਨਾ ਕਾਲ ਵਿਚ ਕੇਅਰ ਸੈਂਟਰ ਖੋਲ੍ਹਣ ਤੇ ਫਰੀ ਵੈਕਸੀਨ ਦਾ ਪ੍ਰਬੰਧ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਹ ਸ੍ਰੋਮਣੀ ਕਮੇਟੀ ਵਰਗੀਆਂ ਧਾਰਮਿਕ ਸੰਸਥਾਵਾਂ ਨੂੰ ਕਰਨੇ ਪੈ ਰਹੇ ਹਨ ਜਿਸ ਨੂੰ ਲੈ ਕੇ ਸੂਬੇ ਦੇ ਲੋਕਾਂ ਵਿਚ ਕਾਂਗਰਸ ਤੇ ਭਾਜਪਾ ਦੋਵਾਂ ਪ੍ਰਤੀ ਡੂੰਘੀ ਨਾਰਾਜਗੀ ਹੈ।