ਜਲੰਧਰ, 2 ਸਤੰਬਰ ( ) : ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ੁਰੂ ਕੀਤੀ ਗਈ ਲੋਕ ਸਾਂਝੇਦਾਰੀ ਮੁਹਿੰਮ ਤਹਿਤ ਅੱਜ ਜੁਆਇੰਟ ਕਮਿਸ਼ਨਰ ਨਗਰ ਨਿਗਮ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਲੋਂ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਦੌਰਾਨ ਇਲਾਕਾ ਵਾਸੀਆਂ ਨੂੰ ਜਿੱਥੇ ਬਿਨ੍ਹਾਂ ਕਿਸੇ ਖਦਸ਼ੇ ਲੱਛਣ ਸਾਹਮਣੇ ਆਉਣ ‘ਤੇ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ, ਉਥੇ ਅਫਵਾਹਾਂ ਤੋਂ ਬਚਣ ਲਈ ਵੀ ਪ੍ਰੇਰਿਆ ਗਿਆ।ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ ਵਲੋਂ  ਸਿੱਧ ਬਾਬਾ ਸੋਢਲ ਮਹਾਰਾਜ ਜੀ ਦੇ ਮੇਲੇ ‘ਤੇ ਲੋਕ ਸਾਂਝੇਦਾਰੀ ਮੁਹਿੰਮ ਤਹਿਤ ਵਿਸ਼ੇਸ਼ ਤੌਰ ’ਤੇ ਸ਼ਰਧਾਲੂਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੰਦਿਰ ਕਮੇਟੀ ਵਲੋਂ ਵੀ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਦੇ ਲੱਛਣ ਸਾਹਮਣੇ ਆਉਣ ਜਾਂ ਕਿਸੇ ਕੋਰੋਨਾ ਪੀਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਉਣ ‘ਤੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ  ਦਰਬਾਰਾ ਸਿੰਘ ਦੀ ਅਗਵਾਈ ਵਿੱਚ ਨਗਰ ਕੌਂਸਲ ਗੁਰਾਇਆ ਅਤੇ ਫਿਲੌਰ ਵਿਖੇ ਧਾਰਮਿਕ, ਸਮਾਜਿਕ ਸੰਸਥਾਵਾਂ ਤੋਂ ਇਲਾਵਾ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਕਿ ਕੋਰੋਨਾ ਖਿਲਾਫ ਜੰਗ ਜਿੱਤਣ ਲਈ ਸਾਂਝੇ ਯਤਨਾਂ ਦੀ ਲੋੜ ਹੈ, ਕਿਉਂਕਿ ਇਕਜੁੱਟਤਾ ਨਾਲ ਹੀ ਕੋਰੋਨਾ ਖਿਲਾਫ ਜੰਗ ਜਿੱਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਉਕਤ ਅਧਿਕਾਰੀਆਂ ਤੋਂ ਇਲਾਵਾ ਡੀ.ਡੀ.ਪੀ.ਓ. ਨੂੰ ਲੋਕ ਸਾਂਝੀਦਾਰੀ ਮੁਹਿੰਮ ਤਹਿਤ ਨਗਰ ਨਿਗਮ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਨੋਡਲ ਅਫ਼ਸਰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਜੰਗ ਜਿੱਤਣ ਲਈ ਸਾਂਝੇ ਹੰਭਲੇ ਦੀ ਜ਼ਰੂਰਤ ਹੈ, ਇਸ ਲਈ ਅਫਵਾਹਾਂ ਤੋਂ ਦੂਰ ਰਹਿ ਕੇ ਟੈਸਟ ਕਰਵਾਉਣ ਨਾਲ ਕੋਰੋਨਾ ‘ਤੇ ਮਾਤ ਪਾਈ ਜਾ ਸਕਦੀ ਹੈ। ਥੋਰੀ ਨੇ ਕਿਹਾ ਕਿ ਟੈਸਟ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਨਹੀਂ ਹੋਣੀ ਚਾਹੀਦੀ ਅਤੇ ਆਪਣੇ ਅਤੇ ਆਪਣਿਆਂ ਦੀ ਤੰਦਰੁਸਤੀ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਸਮੇਂ ਸਮੇਂ ‘ਤੇ 20 ਸੈਕਿੰਡ ਤੱਕ ਹੱਥ ਧੋਣ ਸਮੇਤ ਸਮਾਜਿਕ ਦੂਰੀ ਬਰਕਰਾਰ ਰੱਖਣ ਵਰਗੀਆਂ ਸਾਵਧਾਨੀਆਂ ਵਰਤ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।