
ਫਗਵਾੜਾ 27 ਮਈ (ਸ਼ਿਵ ਕੋੜਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੋਰੋਨਾ ਮੁਕਤ ਪੰਜਾਬ ਦੇ ਟੀਚੇ ਨੂੰ ਲੈ ਕੇ ਅਰੰਭੇ ‘ਮਿਸ਼ਨ ਫਤਿਹ 2.0’ ਤਹਿਤ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਸਟਿਕਰ ਅਤੇ ਬਿੱਲੇ ਜਾਰੀ ਕੀਤੇ। ਇਸ ਮੌਕੇ ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੌਰਵ ਖੁੱਲਰ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਉਹਨਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੋਵਿਡ-19 ਕੋਰੋਨਾ ਤੋਂ ਸੂਬੇ ਨੂੰ ਮੁਕਤ ਬਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਟਿਕਰ ਅਤੇ ਬਿੱਲੇ ਜਾਰੀ ਕਰਨ ਨਾਲ ਯਕੀਨੀ ਤੌਰ ਤੇ ਆਮ ਲੋਕਾਂ ਵਿਚ ਵੈਕਸੀਨੇਸ਼ਨ ਲਗਵਾਉਣ ਦੀ ਜਾਗਰੁਕਤਾ ਆਵੇਗੀ। ਉਹਨਾਂ ਜਿਲ੍ਹਾ ਕਪੂਰਥਲਾ ਦੇ ਸਮੂਹ ਨਾਗਰਿਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ 18+ ਉਮਰ ਦੇ ਸਾਰੇ ਹੀ ਔਰਤਾਂ ਤੇ ਮਰਦ ਆਪਣੀ ਬਾਰੀ ਆਉਣ ਤੇ ਵੈਕਸੀਨ ਜਰੂਰ ਲਗਵਾਉਣ ਕਿਉਂਕਿ ਵੈਕਸੀਨ ਲੱਗਣ ਤੋਂ ਬਾਅਦ ਇਕ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਦੰਦ ਖੱਟੇ ਜੋ ਜਾਂਦੇ ਹਨ ਅਤੇ ਜੇਕਰ ਇਹ ਸਰੀਰ ਤੇ ਹਮਲਾ ਕਰੇ ਵੀ ਤਾਂ ਜਿਆਦਾ ਗੰਭੀਰ ਸਥਿਤੀ ਤੋਂ ਬਚਾਅ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਵਾਰ ਪਿੰਡਾਂ ‘ਚ ਸ਼ਹਿਰਾਂ ਦੇ ਮੁਕਾਬਲੇ ਕੋਰੋਨਾ ਦੇ ਜਿਆਦਾ ਮਾਮਲੇ ਆ ਰਹੇ ਹਨ ਇਸ ਲਈ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਯੂਥ ਕਾਂਗਰਸ ਦੇ ਵਲੰਟੀਅਰਾਂ ਵਲੋਂ ਜਿਲ੍ਹਾ ਕਪੂਰਥਲਾ ‘ਚ ਕੋਰੋਨਾ ਮੁਕਤ ਪਿੰਡ ਮੁਹਿਮ ਚਲਾਈ ਜਾਵੇਗੀ ਅਤੇ ਆਮ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਵੈਕਸੀਨ ਦਾ ਟੀਕਾਕਰਣ ਕਰਵਾਉਣ ਲਈ ਪ੍ਰੇਰਿਆ ਜਾਵੇਗਾ।