ਫਗਵਾੜਾ 4 ਮਈ (ਸ਼਼ਿਵ ਕੋੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹਾ ਕਪੂਰਥਲਾ ਦੇ ਕੋਵਿਡ-19 ਕੋਰੋਨਾ ਪੀੜ੍ਹਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪਹੁੰਚਾਉਣ ਦੇ ਮਕਸਦ ਨਾਲ ਸਥਾਪਤ ਕੋਵਿਡ ਕੰਟਰੋਲ ਤੇ ਰਾਹਤ ਕਮੇਟੀ ਦੀ ਮੀਟਿੰਗ ਅੱਜ ਫਗਵਾੜਾ ਵਿਖੇ ਹੋਈ ਜਿਸ ਵਿਚ ਕਮੇਟੀ ਮੈਂਬਰ ਵਜੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ, ਮੋਹਨ ਲਾਲ ਸੂਦ ਚੇਅਰਮੈਨ ਅਨੁਸੂਚਿਤ ਜਾਤੀ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਬੰਗਾ, ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਸ਼ਾਮਲ ਹੋਏ। ਇਸ ਦੌਰਾਨ ਲੋੜਵੰਦਾਂ ਲਈ ਤਿੰਨ ਮੋਬਾਇਲ ਫੋਨ ਨੰਬਰ 9115127102, 9115158100 ਤੇ 9115159100 ਜਾਰੀ ਕੀਤੇ ਗਏ। ਜੋਗਿੰਦਰ ਸਿੰਘ ਮਾਨ, ਮੋਹਨ ਲਾਲ ਸੂਦ ਅਤੇ ਸੋਹਨ ਲਾਲ ਬੰਗਾ ਨੇ ਸਾਂਝੇ ਤੌਰ ਤੇ ਕਿਹਾ ਕਿ ਜਿਲ੍ਹਾ ਕਪੂਰਥਲਾ ਦਾ ਕੋਈ ਵੀ ਲੋੜਵੰਦ ਜੋ ਕੋਵਿਡ-19 ਨਾਲ ਪੀੜ੍ਹਤ ਹੈ ਜਾਂ ਕੋਰੋਨਾ ਲਾਕਡਾਉਨ ਦੀ ਵਜ੍ਹਾ ਨਾਲ ਕਿਸੇ ਪਰੇਸ਼ਾਨੀ ‘ਚ ਹੈ ਤਾਂ ਉਪਰੋਕਤ ਨੰਬਰਾਂ ਰਾਹੀਂ ਸੰਪਰਕ ਕਰ ਸਕਦਾ ਹੈ। ਸੰਪਰਕ ਕਰਨ ਵਾਲੇ ਜਰੂਰਤਮੰਦ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਹਨਾਂ ਫਗਵਾੜਾ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੂੰ ਵੀ ਹਰ ਸੰਭਵ ਸਹਿਯੋਗ ਦੀ ਅਪੀਲ ਕੀਤੀ ਅਤੇ ਨਾਲ ਹੀ ਆਮ ਲੋਕਾਂ ਨੂੰ ਵੀ ਸਰਕਾਰ ਦਾ ਸਹਿਯੋਗ ਕਰਦਿਆਂ ਮਾਸਕ, ਸੈਨੀਟਾਇਜਰ ਤੇ ਸਰੀਰਿਕ ਦੂਰੀ ਦੀ ਪਾਲਣਾ ਕਰਦਿਆਂ ਬਹੁਤ ਜਿਆਦਾ ਜਰੂਰਤ ਤੋਂ ਬਿਨਾਂ ਘਰਾਂ ਵਿਚ ਹੀ ਰਹਿਣ, ਬਜੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਣ ਤੇ 18 ਸਾਲ ਤੋਂ ਵੱਧ ਉਮਰ ਦੇ ਹਰੇਕ ਮੈਂਬਰ ਨੂੰ ਵੈਕਸੀਨ ਜਰੂਰ ਲਗਵਾਉਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਚ ਸਥਾਪਤ ਕੰਟਰੋਲ ਰੂਮ ਰਾਹੀਂ ਹਰ ਲੋੜਵੰਦ ਨੂੰ ਮਹਾਮਾਰੀ ਦੇ ਇਸ ਦੌਰ ਵਿਚ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ। ਇਸ ਮੌਕੇ ਵਰੁਣ ਬੰਗੜ ਅਤੇ ਮਨਜੋਤ ਸਿੰਘ ਆਦਿ ਵੀ ਹਾਜਰ ਸਨ।