ਫਗਵਾੜਾ 14 ਮਈ (ਸ਼ਿਵ ਕੋੜਾ) ਪੰਜਾਬ ਅੰਦਰ ਲਗਾਤਾਰ ਵੱਧਦੀ ਕੋਵਿਡ-19 ਕੋਰੋਨਾ ਮਹਾਮਾਰੀ ਨੂੰ ਲੈ ਕੇ ਸੂਬੇ ਦੀ ਕੈਪਟਨ ਸਰਕਾਰ ਵਲੋਂ ਕੀਤੇ ਪ੍ਰਬੰਧ ਕਾਫੀ ਨਹੀਂ ਹਨ। ਇਹ ਗੱਲ ਅੱਜ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਨੇ ਅੱਜ ਇੱਥੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਹੀ। ਉਹਨਾਂ ਸਮਾਜ ਸੇਵਿਕਾ ਇੰਦੂ ਸਰਵਟਾ ਦੀ ਹਾਜਰੀ ‘ਚ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਦੀ ਹਾਲਤ ਨੂੰ ਦੇਖ ਕੇ ਜਿਆਦਾਤਰ ਮਰੀਜ ਪ੍ਰਾਈਵੇਟ ਹਸਪਤਾਲਾਂ ‘ਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ ਜਦਕਿ ਆਰਥਕ ਪੱਖੋਂ ਗਰੀਬ ਲੋਕ ਜੋ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਇਲਾਜ਼ ਕਰਵਾਉਣ ਦੇ ਯੋਗ ਨਹੀਂ ਉਹ ਘਰਾਂ ਵਿਚ ਹੀ ਇਸ ਬਿਮਾਰੀ ਨਾਲ ਜੂਝ ਰਹੇ ਹਨ ਜਿਸ ਕਰਕੇ ਬਾਕੀ ਦੇਸ਼ ਨਾਲ ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਕਾਫੀ ਜਿਆਦਾ ਹੈ। ਇਸ ਮੌਕੇ ਸਮਾਜ ਸੇਵਿਕਾ ਇੰਦੂ ਸਰਵਟਾ ਨੇ ਕੋਰੋਨਾ ਦੇ ਇਸ ਮੁਸ਼ਕਲ ਸਮੇਂ ‘ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਗਰੀਬ ਆਵਾਸ ਯੋਜਨਾ ਅਧੀਨ ਪੰਜਾਹ ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੇ ਨਾਲ ਹੀ ਹਰ ਕਿਸਾਨ ਦੇ ਖਾਤੇ ਵਿਚ ਦੋ ਹਜਾਰ ਰੁਪਏ ਨਗਦ ਦੇ ਭੁਗਤਾਨ ਦੀ ਭਰਪੂਰ ਸ਼ਲਾਘਾ ਕੀਤੀ। ਲੱਕੀ ਸਰਵਟਾ ਅਤੇ ਇੰਦੂ ਸਰਵਟਾ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਸਲ ਵਿਚ ਜਨਤਾ ਦੀ ਮਨਭਾਉਂਦੀ ਸਰਕਾਰ ਹੈ ਜੋ ਕੋਵਿਡ-19 ਨਾਲ ਨਜਿੱਠਣ ਦਾ ਹਰ ਸੰਭਵ ਯਤਨ ਤਾਂ ਕਰ ਹੀ ਰਹੀ ਹੈ ਪਰ ਨਾਲ ਹੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਵੀ ਪ੍ਰਦਾਨ ਕਰ ਰਹੀ ਹੈ। ਉਹਨਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਕੋਰੋਨਾ ਬਿਮਾਰੀ ਤੋਂ ਠੀਕ ਹੋਣ ਲਈ ਪਰਮਾਤਮਾ ਦਾ ਸ਼ੁਕਰੀਆ ਵੀ ਅਦਾ ਕੀਤਾ ਅਤੇ ਆਸ ਪ੍ਰਗਟਾਈ ਕਿ ਜਲਦੀ ਹੀ ਸੋਮ ਪ੍ਰਕਾਸ਼ ਕੈਂਥ ਫਗਵਾੜਾ ਦੇ ਲੋਕਾਂ ਦੀ ਸੇਵਾ ਵਿਚ ਹਾਜਰ ਹੋਣਗੇ ਅਤੇ ਮਹਾਮਾਰੀ ਦੇ ਇਸ ਮਾੜੇ ਦੌਰ ਵਿਚ ਵੱਧ ਤੋਂ ਵੱਧ ਸਹਾਇਤਾ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਧੀਨ ਲੋਕਾਂ ਤਕ ਪਹੁੰਚਾਉਣਗੇ। ਉਹਨਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਇਕ ਵਾਰੀ ਫੇਰ ਮੰਗ ਕੀਤੀ ਕਿ ਲਾਕਡਾਉਨ ਦੀ ਵਜ੍ਹਾ ਨਾਲ ਸੂਬੇ ਦੇ ਲੋਕਾਂ ਦੇ ਹੋ ਰਹੇ ਆਰਥਕ ਨੁਕਸਾਨ ਨੂੰ ਦੇਖਦੇ ਹੋਏ ਬਿਜਲੀ ਦੇ ਬਿਲਾਂ ‘ਚ ਰਾਹਤ ਦਿੱਤੀ ਜਾਵੇ ਅਤੇ ਹਰੇਕ ਲੋੜਵੰਦ ਪਰਿਵਾਰ ਨੂੰ ਫਰੀ ਰਾਸ਼ਨ ਮੁਹੱਈਆ ਕਰਵਾਇਆ ਜਾਵੇ।