ਫਗਵਾੜਾ 3 ਜੂਨ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰੀ ਮਹਿਕਮਿਆਂ ‘ਚ ਕੰਮ ਕਰ ਰਹੇ ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਯਾਦ ਕਰਵਾਉਂਦੇ ਹੋਏ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਜਿੰਨੇ ਵੀ ਵਾਅਦੇ ਕੀਤੇ ਉਹ ਅੱਜ ਤਕ ਪੂਰੇ ਨਹੀਂ ਹੋਏ ਜਦਕਿ ਸਰਕਾਰ ਦਾ ਕਾਰਕਾਲ ਇਕ ਸਾਲ ਤੋਂ ਵੀ ਘੱਟ ਸਮੇਂ ਦਾ ਬਾਕੀ ਰਹਿ ਗਿਆ ਹੈ। ਇਹਨਾਂ ਵਾਅਦਿਆਂ ਵਿਚ ਇਕ ਪ੍ਰਮੁੱਖ ਵਾਅਦਾ ਇਹ ਸੀ ਕਿ ਕਾਰਪੋਰੇਸ਼ਨ ਵਿਚ ਕੰਮ ਕਰ ਰਹੇ ਦਰਜਾ-4 ਮੁਲਾਜਮਾਂ, ਵਿਦਿਅਕ ਅਦਾਰਿਆਂ ਦੇ ਕੱਚੇ ਅਧਿਆਪਕਾਂ ਸਮੇਤ ਸਾਰੇ ਹੀ ਮੁਲਾਜਮਾ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇਗਾ ਜੋ ਪੂਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਕਾਰਪੋਰੇਸ਼ਨਾਂ ਦੇ ਦਰਜਾ-4 ਮੁਲਾਜਮਾ ਕੋਰੋਨਾ ਕਾਲ ਵਿਚ ਫਰੰਟ ਲਾਈਨ ਵਰਕਰਾਂ ਵਜੋਂ ਕੰਮ ਕਰ ਰਹੇ ਹਨ ਅਤੇ ਡਿਉਟੀ ਦੌਰਾਨ ਉਹਨਾਂ ਦੀ ਜਿੰਦਗੀ ਹਮੇਸ਼ਾ ਖਤਰੇ ਵਿਚ ਰਹਿੰਦੀ ਹੈ। ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਦੀ ਡਿਉਟੀ ਸੀ ਕਿ ਉਹਨਾਂ ਲਈ ਜੇਕਰ ਕੁੱਝ ਹੋਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਨੌਕਰੀ ਪੱਕੀ ਕਰਕੇ ਹੀ ਕੁੱਝ ਇਨਾਮ ਦੇ ਦਿੱਤਾ ਜਾਂਦਾ ਪਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਯਾਦਾਸ਼ਤ ਹੁਣ ਕਮਜ਼ੋਰ ਹੋ ਚੁੱਕੀ ਹੈ ਅਤੇ ਉਹਨਾਂ ਨੇ ਆਪ ਕੀਤੇ ਵਾਅਦੇ ਹੀ ਭੁਲਾ ਛੱਡੇ ਹਨ। ਠੇਕੇਦਾਰ ਬਲਜਿੰਦਰ ਸਿੰਘ ਜੋ ਕਿ ਸਾਬਕਾ ਕੌਂਸਲਰ ਵੀ ਹਨ ਉਹਨਾਂ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਕੱਚੇ ਕਾਰਪੋਰੇਸ਼ਨ ਮੁਲਾਜਮਾਂ ਸਮੇਤ ਆਪਣੇ ਕੀਤੇ ਵਾਅਦੇ ਮੁਤਾਬਕ ਸਾਰੇ ਹੀ ਸਰਕਾਰੀ ਅਦਾਰਿਆਂ ‘ਚ ਕੰਮ ਕਰ ਰਹੇ ਕੱਚੇ ਮੁਲਾਜਮਾਂ ਨੂੰ ਪੱਕਿਆਂ ਨਾ ਕੀਤਾ ਗਿਆ ਤਾਂ ਅਗਲੀਆਂ ਚੋਣਾਂ ਵਿਚ ਇਸ ਦਾ ਬਹੁਤ ਵੱਡਾ ਖਾਮਿਆਜਾ ਭੁਗਤਣ ਲਈ ਕਾਂਗਰਸ ਪਾਰਟੀ ਨੂੰ ਤਿਆਰ ਰਹਿਣਾ ਚਾਹੀਦਾ ਹੈ। ਮੁਲਾਜਮਾਂ ਵਿਚ ਕੈਪਟਨ ਸਰਕਾਰ ਨੂੰ ਲੈ ਕੇ ਭਾਰੀ ਰੋਸ ਹੈ ਜਿਸਦੇ ਨਤੀਜੇ ਵਜੋਂ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਬਾਅਦ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿਚ ਵੀ ਕਾਂਗਰਸ ਪਾਰਟੀ ਬੀਤੇ ਕੱਲ ਦੀ ਗੱਲ ਬਣ ਕੇ ਰਹਿ ਜਾਵੇਗੀ।