ਜਲੰਧਰ : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਜਲੰਧਰ ਦੀ ਖੇਡ ਸਨਅਤ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਖੋਜ ਤੇ ਵਿਕਾਸ ਕੇਂਦਰ ਸਥਾਪਿਤ ਕੀਤਾ ਜਾਵੇਗਾ , ਜਿਸ ਨਾਲ ਜਲੰਧਰ ਦੀ ਖੇਡ ਸਨਅਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇ ਲਈ ਹੋਰ ਸਹਾਇਤਾ ਮਿਲੇਗੀ।
ਖੇਡ ਸਨਅਤ ਲਈ ਸਾਜ਼ੋ ਸਾਮਾਨ, ਖੇਡ ਵਸਤਾਂ ਬਣਾਉਣ ਲਈ ਜਾਣੇ ਜਾਂਦੇ ਜਲੰਧਰ ਦੀ ਸਨਅਤ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਖੇਡਾਂ ਦਾ ਸਮਾਨ ਬਣਾਉਣ ਵਾਲੇ ਸਨਅਤਕਾਰਾਂ ਨਾਲ ਗੱਲਬਾਤ ਦੌਰਾਨ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉੱਚ ਤਕਨੀਕ ਵਾਲੀ ਮਸ਼ੀਨਰੀ ਨਾਲ ਲੈਸ ਇਕ ਅਤਿ ਆਧੁਨਿਕ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਵਿਗਿਆਨਕ ਲੀਹਾਂ ’ਤੇ ਅਧਾਰਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਰਮਨ, ਯੂ.ਐਸ.ਏ. ਆਦਿ ਮੁਲਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਕੋਲੋਂ ਉੱਚ ਤਕਨੀਕ ਤੇ ਮਾਹਿਰ ਦੀਆਂ ਸੇਵਾਵਾਂ ਹਾਸਿਲ ਕੀਤੀਆਂ ਜਾ ਸਕਣ।
ਇਸ ਤੋਂ ਇਲਾਵਾ ਖੇਡਾਂ ਦੇ ਵਿਸ਼ਵ ਪੱਧਰੀ ਬਰਾਡਾਂ ਐਡੀਡਾਸ, ਨਾਇਕੀ, ਗਿਲਬਰਟ, ਪੂਮਾ, ਬੇਅਰ, ਬੀ.ਏ. ਐਸ. ਐਫ ਆਦਿ ਨਾਲ ਵੀ ਪੰਜਾਬ ਸਰਕਾਰ ਵਲੋਂ ਰਾਬਤਾ ਸਾਧਿਆ ਜਾ ਰਿਹਾ ਹੈ, ਤਾਂ ਜੋ ਇੱਥੋਂ ਦੀ ਸਨਅਤ ਦੀ ਵਿਸ਼ਵ ਪੱਧਰ ’ਤੇ ਵੀ ਬਰੈਂਡਿੰਗ ਕਰਕੇ ਇਸਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਪਛਾਣ ਦਿੱਤੀ ਜਾ ਸਕੇ।
ਉਨਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਖੇਡ ਸਨਅਤ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਉਲੀਕੀ ਗਈ ਹੈ, ਜਿਸ ਤਹਿਤ ਵਰਤਮਾਨ 1400 ਕਰੋੜ ਦੀ ਸਨਅਤ ਨੂੰ 14000 ਕਰੋੜ ਰੁਪੈ ਤੱਕ ਲੈ ਜਾਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਖੇਡ ਸਨਅਤ ਵਿਚ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ, ਜਿਨ੍ਹਾਂ ਨੂੰ ਰੁਜ਼ਗਾਰ ਦੇ ਮੌਕਿਆਂ ਵਿਚ ਤਬਦੀਲ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ ।
ਉਨਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਜਿਲ੍ਹੇ ਵਿਚ ਸਪੋਰਟਸ ਪਾਰਕ ਵੀ ਉਸਾਰਿਆ ਜਾਵੇਗਾ ਤਾਂ ਜੋ ਉਭਰਦੇ ਖਿਡਾਰੀਆਂ ਨੂੰ ਨਵਾਂ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਸਕੇ ਜਿੱਥੇ ਉਹ ਆਪਣਾ ਹੁਨਰ ਤਰਾਸ਼ ਸਕਣ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਾਲ ਹੀ ਵਿਚ ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗੂਲੇਸ਼ਨ)ਰੂਲਜ਼ 1964 ਵਿਚ ਸੋਧ ਕੀਤੀ ਗਈ ਹੈ ਤਾਂ ਜੋ ਪੇਂਡੂ ਖੇਤਰਾਂ ਵਿਚ ਉਦਯੋਗਿਕ ਯੂਨਿਟ ਲਗਾਏ ਜਾ ਸਕਣ।
ਉਨ੍ਹਾਂ ਉਦਯੋਗਪਤੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਮੰਗ ਦੀ ਪੂਰਤੀ ਲਈ ਉਦਯੋਗਾਂ ਨੂੰ ਫਲੋਰ ਏਰੀਆ ਰੇਸ਼ੋ, ਉੁਦਯੋਗਿਕ ਯੂਨਿਟਾਂ ਦੀ ਉਚਾਈ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਵੀ ਤਲਾਸ਼ਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਸਨਅਤ ਦੇ ਵਾਧੇ ਲਈ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਬਰਲਟਨ ਪਾਰਕ ਨੂੰ ਅਤਿ ਆਧੁਨਿਕ ਸਪੋਰਟਸ ਹੱਬ ਵਜੋਂ ਵਿਕਸਤ ਕਰਨ ਲਈ ਕਾਰਵਾਈ ਜਾਰੀ ਹੈ ਅਤੇ ਇਸ ਉੱਪਰ 250 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ। ਇਸ ਵਿਚ ਨਾਮੀ ਖੇਡ ਬਰੈਂਡਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ Ñਲਾਉਣ ਲਈ ਪ੍ਰਦਰਸ਼ਨੀ ਯੂਨਿਟ ਵੀ ਉਸਾਰੇ ਜਾਣਗੇ।
ਇਸ ਮੌਕੇ ਸਪੋਰਟਸ ਗੁਡਜ਼ ਮੈਨੂਫੈਕਚੁਰਰ ਐਂਡ ਐਕਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਅਜੈ ਮਹਾਜਨ, ਸੀ.ਆਈ.ਆਈ. ਦੇ ਚੇਅਰਮੈਨ ਰਾਜੇਸ਼ ਗੁਪਤਾ, ਅਸ਼ੋਕ ਵਰਮਾ, ਪ੍ਰਾਣ ਚੱਢਾ, ਮੁਕਲ ਵਰਮਾ, ਸੁਖਵਿੰਦਰ ਭਾਈਜ਼ਾਦਾ, ਅਨੁਜ ਪਸਰੀਚਾ ਤੇ ਹੋਰਨਾਂ ਵਲੋਂ ਖੇਡ ਮੰਤਰੀ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਰਾਹੁਲ ਸਿੱਧੂ, ਤੈਰਾਕੀ ਕੋਚ ਉਮੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।