ਜਲੰਧਰ : ਡਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਸ ਜਤਾਈ ਕਿ ਜ਼ਿਲ੍ਹੇ ਵਿਚ ਨਵੇਂ ਖੇਤਰੀ ਪਾਸਪੋਰਟ ਅਫ਼ਸਰ ਵਲੋਂ ਆਹੁਦਾ ਸੰਭਾਲਣ ਉਪਰੰਤ ਬਿਨੈਕਾਰਾਂ ਨੂੰ ਪਾਸਪੋਰਟ ਨਾਲ ਸਬੰਧਿਤ ਸੇਵਾਵਾਂ ਹੋਰ ਬਿਹਤਰੀਨ ਤੇ ਲੋਕ ਪੱਖੀ ਢੰਗ ਨਾਲ ਮੁਹੱਈਆ ਕਰਵਾਉਣ ਮਾਹੌਲ ਨੂੰ ਹੋਰ ਸਾਜ਼ਗਾਰ ਬਣਾਇਆ ਜਾਵੇਗਾ।

ਨਵੇਂ ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਰਾਜ ਕੁਮਾਰ ਬਾਲੀ ਵਲੋਂ ਆਹੁਦਾ ਸੰਭਾਲਣ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨਾਲ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੁਲਾਕਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਫ਼ੀ ਲੰਬੇ ਸਮੇਂ ਤੋਂ ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਦੀ ਭੂਮਿਕਾ ਬਹੁਤ ਅਹਿਮ ਹੈ ਕਿਊਂ ਜੋ ਇਹ ਖੇਤਰ ਪ੍ਰਵਾਸੀ ਭਾਰਤੀਆਂ ਦਾ ਗੜ੍ਹ ਹੈ । ਉਨ੍ਹਾਂ ਕਿਹਾ ਕਿ ਜਲੰਧਰ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਜਿਨਾਂ ਜਿਲਿ੍ਹਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਉਨ੍ਹਾਂ ਵਿੱਚ ਬਹੁ ਗਿਣਤੀ ਲੋਕ ਵਿਦੇਸ਼ਾਂ ਵਿੱਚ ਵਸੇ ਹਨ ।

ਉਨ੍ਹਾਂ ਆਸ ਜਤਾਈ ਕਿ ਨਵ ਨਿਯੁਕਤ ਅਧਿਕਾਰੀ ਵਲੋਂ ਖੇਤਰੀ ਪਾਸਪੋਰਟ ਦਫ਼ਤਰ ਵਿਖੇ ਬਿਨੈਕਾਰਾਂ ਨੂੰ ਹੋਰ ਵਧੀਆ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਦਫ਼ਤਰ ਦਾ ਪ੍ਰਸ਼ਾਸਨ ਹੋਰ ਜਵਾਬਦੇਹ ਅਤੇ ਲੋਕ ਪੱਖੀ ਬਣਾਇਆ ਜਾਵੇਗਾ। ਉਨ੍ਹਾਂ ਸ੍ਰੀ ਬਾਲੀ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਪਾਸਪੋਰਟ ਦਫ਼ਤਰ ਅਤੇ ਸਬੰਧਿਤ ਪਾਸਪੋਰਟ ਸੇਵਾ ਕੇਂਦਰਾਂ ਵਿਚ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਆਉਣ ਵਾਲੇ ਲੋਕਾਂ ਅਤੇ ਵਿਸ਼ੇਸ਼ ਕਰਕੇ ਬਜੁਰਗਾਂ ਤੇ ਔਰਤਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖੇਤਰੀ ਪਾਸਪੋਰਟ ਦਫ਼ਤਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਨਵ ਨਿਯੁਕਤ ਖੇਤਰੀ ਪਾਸਪੋਰਟ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਇਸ ਗੱਲ ਦਾ ਭਰੋਸਾ ਦੁਆਇਆ ਕਿ ਉਨਾਂ ਵਲੋਂ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤਰੀ ਪਾਸਪੋਰਟ ਦਫ਼ਤਰ ਵਲੋਂ ਜਲੰਧਰ,ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ,ਕਪੂਰਥਲਾ ,ਪਠਾਨਕੋਟ,ਗੁਰਦਾਸਪੁਰ ਅਤੇ ਮੋਗਾ ਜਿਲਿ੍ਹਆਂ ਦੇ ਨਾਲ-ਨਾਲ ਪੁਲਿਸ ਜ਼ਿਲ੍ਹਾ ਬਟਾਲਾ ਦੇ ਬਿਨੈਕਾਰਾਂ ਨੂੰ ਪਾਸਪੋਰਟ ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਿਨੈਕਾਰ ਉਨਾਂ ਨਾਲ 0181-2242114, 0181-2242115 ਅਤੇ ਈ ਮੇਲ rpojalandhar0mea.gov.in ਉਪਰ ਸਿੱਧਾ ਸੰਪਰਕ ਵੀ ਕਰ ਸਕਦੇ ਹਨ।