
ਗੁਰੂ ਦੀ ਸੇਵਾ ਕਿਵੇਂ ਅਤੇ ਕਿਉਂ ਜਰੂਰੀ
ਜਲੰਧਰ :- (ਰਾਜ ਪਾਲ ਕੌਰ)ਗੁਰੂ ਦੀ ਸੇਵਾ ਮਨੋਂ ਹੋਕੇ ਕਰਨ ਨਾਲ ਮੰਨ ਨਿਰਮਲ, ਨਿਰਵਿਕਾਰ ਅਤੇ ਸੁਖੀ ਹੋ ਜਾਂਦਾ ਹੈ ; ਠਾਕੁਰ ਦਲੀਪ ਸਿੰਘ ਜੀ
ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਸੰਗਤ ਨੂੰ ਆਪਣੇ ਸਤਿਗੁਰੂ ਦੇ ਬਚਨ ਮਨ ਕੇ ਜੀਵਨ ਸਫਲ ਕਰਨ ਦੀ ਜਾਚ ਦੱਸਦੇ ਹਨ। ਆਪ ਜੀ ਦੱਸਦੇ ਹਨ ਕਿ ਗੁਰਬਾਣੀ ਵਿੱਚ ਸਤਿਗੁਰੂ ਦੀ ਸੇਵਾ ਵਾਸਤੇ ਬਹੁਤ ਕੁੱਝ ਲਿਖਿਆ ਹੈ ਅਤੇ ਇਸ ਦੇ ਲਾਭ ਵੀ ਦੱਸੇ ਹਨ। ਗੁਰੂ ਦੀ ਸੇਵਾ ਕੀ ਹੈ, ਭਾਵੇਂ ਗੁਰੂ ਦੀ ਸੇਵਾ ਅਨੇਕ ਪ੍ਰਕਾਰ ਦੀ ਹੈ ਅਤੇ ਇਸ ਦੀ ਵਿਆਖਿਆ ਵੀ ਬਹੁਤ ਵਿਆਪਕ ਹੈ ਫਿਰ ਵੀ ਅਸੀਂ ਗੁਰਬਾਣੀ ਅਨੁਸਾਰ ਆਪਣੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਅਤੇ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਗੁਰੂ ਦੀ ਸੇਵਾ ਕਰ ਸਕਦੇ ਹਾਂ। ਆਪ ਜੀ ਨੇ ਦੱਸਿਆ ਕਿ ਗੁਰਬਾਣੀ ਵਿੱਚ ਅਨੇਕਾਂ ਹੀ ਪ੍ਰਮਾਣ ਹਨ ਕਿ ਆਪਣੇ ਸਤਿਗੁਰੂ ਦੀ ਸੇਵਾ ਕਰਨ ਨਾਲ ਸਭ ਪ੍ਰਕਾਰ ਦੇ ਸੁਖ ਪ੍ਰਾਪਤ ਹੁੰਦੇ ਹਨ, ਜੀਵਨ ਵਿਚੋਂ ਕਲੇਸ਼ ਦੂਰ ਹੋ ਜਾਂਦੇ ਹਨ, ਜਮ ਦਾ ਡਰ ਦੂਰ ਹੁੰਦਾ ਹੈ ਆਦਿ । ਇਸ ਲਈ ਆਪ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਦਾ ਬਚਨ ਮਨ ਕੇ, ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਲੋੜ ਹੈ। ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ ;
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
ਇਸ ਲਈ ਆਪਣੇ ਸਤਿਗੁਰੂ ਕਾ ਉਪਦੇਸ਼ ਸੁਣਨ, ਮੰਨਣ ਅਤੇ ਕਮਾਉਣ ਨਾਲ ਸਾਡਾ ਜੀਵਨ ਸੁਖੀ ਹੋ ਜਾਂਦਾ ਹੈ ਅਤੇ ਸਾਡੀਆਂ ਮਨੋਕਾਮਨਾਵਾਂ ਜਾਂ ਯੋਗ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਹਨ। ਗੁਰੂ ਜੀ ਦਾ ਉਪਦੇਸ਼ ਹੈ ਕਿ ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਇਸ ਲਈ ਸਾਨੂੰ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜੀਵਨ ਵਿੱਚ ਖਰੀ ਤੇ ਖੋਟੀ ਨੂੰ ਵਿਚਾਰ ਕੇ ਵਿਚਾਰਵਾਨ ਬਣਨ ਦੀ ਲੋੜ ਹੈ। ਇਸ ਤੋਂ ਬਿਨਾ ਗੁਰੂ ਜੀ ਦਾ ਹੋਰ ਬਚਨ ਹੈ; ਸ਼ੁਭ ਕਰਮ ਕਰਨ ਦਾ, ਗਰੀਬਾਂ ਅਤੇ ਲੋੜਵੰਦ ਦੀ ਸੇਵਾ ਕਰਨ ਦਾ, ਸਾਧ ਸੰਗਤ ਵਿੱਚ ਜਾ ਕੇ ਸੇਵਾ-ਸਿਮਰਨ ਕਰਨ ਦਾ। ਇਸ ਲਈ ਅਸਾਨੂੰ ਆਪਣੇ ਜੀਵਨ ਵਿੱਚ ਗੁਰਬਾਣੀ ਅਨੁਸਾਰ ਸ਼ੁਭ ਕਰਮ ਕਰਨ ਦੀ ਲੋੜ ਹੈ ਜਿਵੇਂ ਮਿੱਠਾ ਬੋਲਣਾ, ਨਿਮਰਤਾ ਰੱਖਣੀ, ਖਿਮਾ ਕਰਨਾ ਆਦਿ। ਇਸ ਦੇ ਨਾਲ ਆਪ ਜੀ ਨੇ ਸੰਗਤ ਨੂੰ ਪ੍ਰੇਰਣਾ ਦਿੰਦੇ ਹੋਏ ਦੱਸਿਆ ਕਿ ਸਾਧ ਸੰਗਤ ਵਿੱਚ ਜਾ ਕੇ ਸੇਵਾ ਕਰੋ ਅਤੇ ਸੇਵਾ ਕਰਨ ਸਮੇਂ ਸਾਰਿਆਂ ਵਿੱਚ ਆਪਣੇ ਗੁਰੂ ਦਾ ਰੂਪ ਵੇਖ ਕੇ ਸੇਵਾ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਸੰਗਤ ਦੇ ਜੋੜੇ ਝਾੜਨ ਲੱਗੋ ਜਾਂ ਚਰਨ ਸਾਫ ਕਰਨ ਲੱਗੋ, ਭਾਂਡਿਆਂ ਦੀ ਸੇਵਾ ਕਰਨ ਲੱਗੋ ਜਾਂ ਕੋਈ ਹੋਰ ਕੋਈ ਸੰਗਤ ਦੀ ਸੇਵਾ ਕਰਨ ਵੇਲੇ, ਸੰਗਤ ਵਿੱਚ ਆਪਣੇ ਸਤਿਗੁਰੂ ਦਾ ਰੂਪ ਹੀ ਵੇਖੋ ਅਤੇ ਇਹ ਕਲਪਨਾ ਕਰੋ ਕਿ ਮੈਂ ਕਿਸੇ ਹੋਰ ਦੀ ਨਹੀਂ ਸਗੋਂ ਆਪਣੇ ਸਤਿਗੁਰੂ ਦੀ ਸੇਵਾ ਕਰ ਰਿਹਾ ਹਾਂ। ਜਦੋਂ ਅਸੀਂ ਇਸ ਤਰ੍ਹਾਂ ਸੇਵਾ ਕਰਾਂਗੇ ਅਤੇ ਸ਼ੁਭ ਕਰਮ ਵੀ ਕਰਨੇ ਸ਼ੁਰੂ ਕਰ ਦਿਆਂਗੇ ਤਾਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਅਤੇ ਹਰ ਮਨੋਕਾਮਨਾ ਪੂਰੀ ਹੋਵੇਗੀ।