
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. ਬਾਇਓਟੈਕਨੋਲੋਜੀ ਸਮੈਸਟਰ ਤੀਜਾ ਦੇ ਨਤੀਜੇ ’ਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਇਸ ਕਲਾਸ ਦੀ ਕੋਮਲ ਵਰਮਾ ਨੇ 400 ਵਿਚੋਂ 348 ਅੰਕ ਪ੍ਰਾਪਤ ਕਰਕੇ ਪਹਿਲਾ, ਪੂਜਾ ਤੇ ਅੰਕਿਤਾ ਨੇ 324 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਦੂਜਾ ਅਤੇ ਅਲੀਸ਼ਾ ਠਾਕੁਰ ਨੇ 312 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਮਰਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਹੋ ਜਿਹੇ ਵਿਦਿਆਰਥੀਆਂ ਦੇ ਸਦਕਾ ਹੀ ਕਿਸੇ ਸੰਸਥਾਂ ਦਾ ਨਾਂ ਉੱਚਾ ਹੁੰਦਾ ਹੈ ਅਤੇ ਸਾਨੂੰ ਇਨ੍ਹਾਂ ਵਿਦਿਆਰਥੀਆਂ ’ਤੇ ਬਹੁਤ ਮਾਣ ਹੈ। ਅਸੀਂ ਇਨ੍ਹਾਂ ਵਿਦਿਆਰਥੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਵੀ ਕਰਾਂਗੇ। ਇਸ ਮੌਕੇ ਡਾ. ਅਰੁਣ ਦੇਵ ਸ਼ਰਮਾ, ਮੁਖੀ ਬਾਇਓਟੈਕਨੋਲੋਜੀ ਵਿਭਾਗ ਵੀ ਹਾਜ਼ਰ ਸਨ।