ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸ਼ੁਰੂ ਕੀਤੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਸਮਾਗਮ ਲੜੀ ਦੇ ਤਹਿਤ ਵਿਭਾਗ ਦੇ ਸਾਬਕਾ ਅਧਿਆਪਕ ਡਾ. ਹਰਜਿੰਦਰ ਸਿੰਘ ਅਟਵਾਲ ਦਾ ਵਿਸ਼ੇਸ਼ ਲੈਕਚਰ ‘ਗੁਰੂ ਨਾਨਕ ਬਾਣੀ ਦਾ ਮਾਨਵ-ਹਿਤੈਸ਼ੀ ਪਾਸਾਰ’ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਵਾਗਤੀ ਸ਼ਬਦ ਕਹਿੰਦਿਆਂ ਦੱਸਿਆ ਕਿ ਗੁਰੂ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਸੱਚੇ ਰਹਿਬਰ ਸਨ ਅਤੇ ਸਾਨੂੰ ਉਨ੍ਹਾਂ ਦੇ ਲੋਕ ਹਿਤੈਸ਼ੀ ਵਿਚਾਰਾਂ ਦੀ ਰੌਸ਼ਨੀ ਦੁਨੀਆਂ ਦੇ ਕੋਨੇ-ਕੋਨੇ ਤੀਕਰ ਪੁੰਚਾਉਣੀ ਚਾਹੀਦੀ ਹੈ। ਡਾ. ਅਟਵਾਲ ਨੇ ਆਪਣੇ ਲੈਕਚਰ ਵਿੱਚ ਗੁਰੂ ਜੀ ਦੀ ਇਸ ਸਿੱਖਿਆ ਵੱਲ ਧਿਆਨ ਦਵਾਇਆ ਕਿ ਮਨੁੱਖ ਨੂੰ ਝੂਠ ਦੀ ਦੀਵਾਰ ਤੋੜ ਕੇ ਸੱਚੇ ਆਚਰਣ ਵਾਲਾ ਆਦਰਸ਼ਕ ਆਦਮੀ ਬਣਨਾ ਚਾਹੀਦਾ ਹੈ। ਵਿਭਾਗ ਦੇ ਮੁੱਖੀ ਡਾ. ਗੋਪਾਲ ਸਿੰਘ ਬੁੱਟਰ ਨੇ ਡਾ. ਅਟਵਾਲ ਦੇ ਗਹਿਨ ਚਿੰਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਸਮੁੱਚੀ ਮਾਨਵਤਾ ਨੂੰ ਗੁਰੂ ਜੀ ਦੇ ਦਰਸਾਏ ਸੱਚ ਦੇ ਮਾਰਗ ਚੱਲਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਅੱਜ ਚਾਰ ਚੁਫੇਰੇ ਝੂਠ ਦਾ ਬੋਲ ਬਾਲਾ ਹੋ ਰਿਹਾ ਹੈ ਤੇ ਦੱਬੇ ਕੁਚਲੇ ਲੋਕਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਤੇ ਡਾ. ਅਟਵਾਲ ਨੂੰ ਪ੍ਰਿੰਸੀਪਲ ਡਾ. ਸਮਰਾ ਤੇ ਵਿਭਾਗ ਦੇ ਅਧਿਆਪਕਾਂ ਵੱਲੋਂ ਸ਼ਾਲ ਤੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਸੇਖੋਂ ਨੇ ਬਾਖੂਬੀ ਕੀਤਾ।