ਜਲੰਧਰ (16-09-2021): ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਵਲੋਂ ਬੁੱਧਵਾਰ ਨੂੰ ਸਿਹਤ ਖੇਤਰ ਵਿੱਚ ਬਿਹਤਰ
ਸੇਵਾਵਾਂ ਨਿਭਾਉਣ ਵਾਲੇ ਹੈਲਥ ਕੇਅਰ ਵਰਕਰ ਅਤੇ ਨਰਸਾਂ ਨੂੰ ਸਾਲ-2020 ਰਾਸ਼ਟਰੀ ਫਲੋਰੇਂਸ ਨਾਈਟਿੰਗੇਲ ਅਵਾਰਡ ਨਾਲ
ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਅਤੇ ਇੰਡੀਅਨ ਨਰਸਿੰਗ ਕਾਉਂਸਿਲ ਦੇ ਪ੍ਰੇਜੀਡੈਂਟ ਮੌਜੂਦ ਸਨ।
ਇੰਡੀਅਨ ਨਰਸਿੰਗ ਕਾਉਂਸਿਲ ਵਲੋਂ ਇਸ ਅਵਾਰਡ ਲਈ ਦੇਸ਼ ਭਰ ਵਿੱਚੋਂ ਨਿਰਸਵਾਰਥ ਭਾਵ ਨਾਲ ਸਿਹਤ ਸੇਵਾਵਾਂ ਦੇਣ
ਵਾਲੀਆਂ 51 ਹੈਲਥ ਕੇਅਰ ਵਰਕਰਾਂ ਅਤੇ ਨਰਸਾਂ ਦੀ ਚੋਣ ਕੀਤੀ ਗਈ। ਪੰਜਾਬ ਦੇ ਜਲੰਧਰ ਜਿਲ੍ਹੇ ਦੇ ਸੀ.ਐਚ.ਸੀ ਸ਼ੰਕਰ ਵਿਖੇ
ਸਿਹਤ ਸੇਵਾਵਾਂ ਨਿਭਾਅ ਰਹੇ ਸਟਾਫ਼ ਨਰਸ ਸੱਤਿਆ ਦੇਵੀ ਨੂੰ ਵੀ ਨਿਰਸਵਾਰਥ ਸੇਵਾ ਲਈ ਰਾਸ਼ਟਰੀ ਫਲੋਰੇਂਸ ਨਾਈਟਿੰਗੇਲ
ਅਵਾਰਡ -2020 ਨਾਲ ਰਾਸ਼ਟਰਪਤੀ ਵਲੋਂ ਵਰਚੁਅਲ ਪ੍ਰੋਗਰਾਮ ਰਾਂਹੀ ਸਨਮਾਨਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਵਾਰਡ
ਦੇ ਨਾਲ-ਨਾਲ 50 ਹਜਾਰ ਰੁਪਏ ਦੀ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ।
ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਵੀ ਵੀਰਵਾਰ ਨੂੰ ਸੱਤਿਆ ਦੇਵੀ ਨੂੰ ਅਵਾਰਡ ਪ੍ਰਾਪਤ ਕਰਨ ਉਪਰੰਤ
ਮੁਬਾਰਕਬਾਦ ਦਿੱਤੀ। ਸਿਵਲ ਸਰਜਨ ਵਲੋਂ 2020 ਵਿੱਚ ਸੀ.ਐਚ.ਸੀ. ਸ਼ੰਕਰ ਦੇ ਐਸ.ਐਮ.ਓ. ਡਾ. ਰਾਜੀਵ ਸ਼ਰਮਾ ਅਤੇ
ਮੌਜੂਦਾ ਐਸ.ਐਮ.ਓ. ਡਾ. ਰਿਚਾ ਭਾਟੀਆ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੇ ਜਲੰਧਰ ਜਿਲ੍ਹੇ ਲਈ ਮਾਣ ਵਾਲੀ
ਗੱਲ ਹੈ ਕਿ ਸਟਾਫ ਨਰਸ ਸੱਤਿਆ ਦੇਵੀ ਨੂੰ ਉਨ੍ਹਾ ਦੀਆਂ ਨਿਰਸਵਾਰਥ ਸੇਵਾਵਾਂ ਲਈ ਰਾਸ਼ਟਰਪਤੀ ਜੀ ਵਲੋਂ ਰਾਸ਼ਟਰੀ ਫਲੋਰੇਂਸ
ਨਾਈਟਿੰਗੇਲ ਅਵਾਰਡ-2020 ਨਾਲ ਸਨਮਾਨਿਤ ਕੀਤਾ ਗਿਆ ਹੈ। ਸਿਵਲ ਸਰਜਨ ਨੇ ਇਸ ਮੌਕੇ ਬਾਕੀ ਸਿਹਤ ਕਰਮਚਾਰੀਆਂ
ਨੂੰ ਵੀ ਸਟਾਫ਼ ਨਰਸ ਸੱਤਿਆ ਦੇਵੀ ਦੀ ਬਿਹਤਰ ਤੇ ਸਕਾਰਾਤਮਕ ਸੋਚ ਵਾਲੀਆਂ ਸੇਵਾਵਾਂ ਤੋਂ ਸੇਧ ਲੈਣ ਲਈ ਅਪੀਲ ਕੀਤੀ।
ਅਵਾਰਡ ਪ੍ਰਾਪਤ ਕਰਨ ਉਪਰੰਤ ਸਟਾਫ਼ ਨਰਸ ਸੱਤਿਆ ਦੇਵੀ ਵਲੋਂ ਐਸ.ਐਮ.ਓ. ਡਾ. ਰਾਜੀਵ ਸ਼ਰਮਾ, ਡਾ. ਰਿਚਾ ਭਾਟੀਆ
ਅਤੇ ਸਮੂਹ ਸਟਾਫ ਦਾ ਸੇਵਾਵਾਂ ਨਿਭਾਉਣ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅਵਾਰਡ
ਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਉਹ ਆਪਣੀਆਂ ਨਿਰਸਵਾਰਥ ਸਿਹਤ ਸੇਵਾਵਾਂ ਜਾਰੀ ਰੱਖਣਗੇ ਅਤੇ ਹੋਰਾਂ ਨੂੰ ਹੀ ਪ੍ਰੇਰਿਤ
ਕਰਨਗੇ। ਸੱਤਿਆ ਦੇਵੀ ਨੇ ਇੰਡੀਅਨ ਨਰਸਿੰਗ ਕਾਉਂਸਿਲ ਦਾ ਵੀ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਨੂੰ ਦੇਖਦੇ ਹੋਏ ਅਵਾਰਡ
ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਹਰੇਕ ਕਰਮਚਾਰੀ ਨੂੰ ਬਿਹਤਰ ਸੇਵਾ ਨਿਭਾਉਣ ਲਈ ਉਤਸਾਹ
ਮਿਲੇਗਾ।