ਜਲੰਧਰ,10 ਮਾਰਚ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਚ ਵੰਡਣ, ਲਾਲ ਲਕੀਰ ਵਿੱਚ ਆਉਂਦੇ ਘਰਾਂ ਦੇ ਮਾਲਕੀ ਹੱਕ ਦੇਣ, ਘਰ,ਮਕਾਨ ਦੇਣ ਸਮੇਤ ਹਰ ਖੇਤਰ ਵਿੱਚ ਦਿਹਾੜੀ 1 ਹਜ਼ਾਰ ਰੁਪਏ ਕਰਨ, ਸਾਰਾ ਸਾਲ ਪੱਕਾ ਰੁਜ਼ਗਾਰ ਤੇ ਐਤਵਾਰ ਦੀ ਛੁੱਟੀ ਕਰਨ, ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਸਮੁੱਚੇ ਕਰਜ਼ੇ ਮੁਆਫ਼ ਕਰਨ, ਬਦਲਵੇਂ ਕਰਜ਼ੇ ਦਾ ਪ੍ਰਬੰਧ ਕਰਨ, ਨਜ਼ੂਲ ਅਤੇ ਪ੍ਰੋਵੇਂਸ਼ਨਲ ਗੌਰਮਿੰਟ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ, ਸੰਘਰਸ਼ਾਂ ਦੌਰਾਨ ਮਜ਼ਦੂਰਾਂ, ਆਗੂਆਂ ਖਿਲਾਫ਼ ਦਰਜ ਕੇਸ ਰੱਦ ਕਰਨ ਆਦਿ ਦੇ ਸਵਾਲ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਪੰਜਾਬ ਭਰ ‘ਚ 11 ਮਾਰਚ ਨੂੰ ਰੇਲਾਂ ਦਾ ਚੱਕਾ ਜਾਮ ਹੋਵੇਗਾ। ਇਸ ਸੰਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਬੇਪਰਦ ਕੀਤਾ ਜਾਵੇਗਾ।ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਸੂਬਾ ਆਗੂ ਬਿੱਕਰ ਸਿੰਘ ਹਥੋਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਮੋਗਾ,ਮੁਕਤਸਰ, ਮਲੇਰਕੋਟਲਾ,ਸੰਗਰੂਰ ਅਤੇ ਪਟਿਆਲਾ ਆਦਿ ਜਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸੈਂਕੜੇ ਪਿੰਡਾਂ ਤੋਂ ਰੇਲਾਂ ਦੇ ਚੱਕਾ ਜਾਮ ਵਿੱਚ ਹਜ਼ਾਰਾਂ ਦਲਿਤ/ ਮਜ਼ਦੂਰ ਸ਼ਿਰਕਤ ਕਰਨਗੇ। ਜਾਮ ਲਈ ਮਜ਼ਦੂਰਾਂ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਜਗੀਰਦਾਰਾਂ, ਕਾਰਪੋਰੇਟ ਘਰਾਣਿਆਂ ਪੱਖੀ ਫਾਸ਼ੀਵਾਦੀ ਨੀਤੀਆਂ ਲਾਗੂ ਕਰ ਰਹੀਆਂ ਹਨ। ਇਹ ਸਰਕਾਰਾਂ ਨੇ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਨੂੰ ਪੂਰੀ ਤਰ੍ਹਾਂ ਵਿਸਾਰਿਆ ਹੋਇਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰੇਲ ਜਾਮ ਨੂੰ ਲੈ ਕੇ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਤੇ ਪ੍ਰਸ਼ਾਸਨ ਇਸਦੇ ਸਿੱਟੇ ਭੁਗਤਣ ਲਈ ਤਿਆਰ ਰਹੇ।ਉਨ੍ਹਾਂ 11 ਮਾਰਚ ਨੂੰ ਰੇਲਾਂ ਦੇ ਚੱਕਾ ਜਾਮ ਨੂੰ ਸਫ਼ਲ ਬਣਾਉਣ ਲਈ ਪਰਿਵਾਰਾਂ ਸਮੇਤ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।