ਫਗਵਾੜਾ, 28 ਦਸੰਬਰ 2020 (ਸ਼ਿਵ ਕੋੜਾ) “ਜਿੰਨੀ ਛੇਤੀ ਰਾਜ ਬਦਲਦਾ ਹੈ, ਸਮਾਜ ਉਨੀ ਤੇਜ਼ੀ ਨਾਲ ਨਹੀਂ ਬਦਲਦਾ” ਇਹ ਵਿਚਾਰ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਗੁਰਮੀਤ ਸਿੰਘ ਪਲਾਹੀ (ਮੰਚ ਪ੍ਰਧਾਨ) ਦੀ ਅਗਵਾਈ ਵਿੱਚ “ਕਿਸਾਨ ਸੰਘਰਸ਼ ਦਾ ਪੰਜਾਬੀ ਸਭਿਆਚਾਰ ਤੇ ਪ੍ਰਭਾਵ” ਵਿਸ਼ੇ ਤੇ ਕਰਵਾਏ ਵੈਬੀਨਾਰ ਵਿੱਚ ਬੋਲਦਿਆਂ ਮੁੱਖ ਬੁਲਾਰੇ ਡਾ: ਰਜਿੰਦਰਪਾਲ ਸਿੰਘ ਬਰਾੜ ਨੇ ਕਹੇ। ਇਸ ਦੇ ਨਾਲ ਹੀ ਉਹਨਾ ਇਹ ਵੀ ਕਿਹਾ ਕਿ ਤਕਨੀਕ ਵਿੱਚ ਤਬਦੀਲੀ ਦੀ ਰਫ਼ਤਾਰ ਵੀ ਸਭਿਆਚਾਰਕ ਤਬਦੀਲੀ ਦੀ ਰਫ਼ਤਾਰ ਨਾਲੋਂ ਤੇਜ਼ ਹੁੰਦੀ ਹੈ। ਇਸ ਕਰਕੇ ਸਭਿਆਚਾਰਕ ਅਤੇ ਤਕਨੀਕ ਵਿੱਚ ਵਖਰੇਵਾਂ ਰਹਿ ਜਾਂਦਾ ਹੈ। ਸਭਿਆਚਾਰਕ ਤਬਦੀਲੀ ਵਿੱਚ ਤਿੰਨ ਮਹੱਤਵਪੂਰਨ ਤੱਤ ਸਾਹਮਣੇ ਆਉਂਦੇ ਹਨ। ਪਹਿਲਾ ਪਦਾਰਥਕ, ਦੂਸਰਾ ਤਕਨੀਕੀ ਪੱਖ ਅਤੇ ਤੀਸਰਾ ਵਿਚਾਰਧਾਰਾ ਪੱਖ। ਇਸ ਤਬਦੀਲੀ ਵਿੱਚ ਹਰ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਬਦਲਦੀਆਂ ਹਨ। ਇਹ ਇਤਿਹਾਸਕ ਤੌਰ ਤੇ ਵੇਖਿਆ ਗਿਆ ਹੈ ਕਿ ਸਾਡੇ ਸਭਿਆਚਾਰ ਵਿੱਚ ਜਿੰਨੀਆਂ ਤਬਦੀਲੀਆਂ ਪਿਛਲੇ ਇੱਕ ਹਜ਼ਾਰ ਸਾਲ ਵਿੱਚ ਆਈਆਂ ਉਨੀਆਂ ਤਬਦੀਲੀਆਂ ਉਸ ਤੋਂ ਪਹਿਲਾਂ ਪੰਜ ਹਜ਼ਾਰ ਸਾਲ ਵਿੱਚ ਵੀ ਨਹੀਂ ਆਈਆਂ। ਇਹ ਵੀ ਵੇਖਿਆ ਗਿਆ ਕਿ ਸਾਡੇ ਸਭਿਆਚਾਰ ਵਿੱਚ ਕਰੋਨਾ ਨੇ ਵੀ ਮਹੱਤਵਪੂਰਨ ਬਦਲਾਅ  ਲਿਆਂਦੇ ਹਨ। ਆਲਮੀ ਪੱਧਰ ਤੇ ਵੱਡੀਆਂ ਘਟਨਾਵਾਂ ਭਾਵੇਂ ਉਹ ਨਾਕਾਰਤਮਕ ਸਨ ਭਾਵੇਂ ਸਕਾਰਾਤਮਕ ਨੇ ਵੱਡੀਆਂ ਤਬਦੀਲੀਆਂ ਲਿਆਂਦੀਆਂ। ਪੰਜਾਬ ਵਿੱਚ ਵੀ ਤਕਨੀਕੀ ਤੌਰ ਤੇ ਹਰੀ ਕ੍ਰਾਂਤੀ ਅਤੇ ਹੋਰ ਰਾਜਸੀ ਲਹਿਰਾਂ ਨੇ  ਗੋਲਣਯੋਗ ਤਬਦੀਲੀਆਂ ਲਿਆਂਦੀਆਂ ਹਨ। ਕਿਸਾਨ ਅੰਦੋਲਨ ਨੇ ਵੀ ਪੰਜਾਬੀ ਸਭਿਆਚਾਰ ਦੀ ਦਿੱਖ ਬਦਲੀ ਹੈ, ਕੁਝ ਮਿੱਥਾਂ ਨੂੰ ਤੋੜਿਆ ਹੈ, ਜਿਵੇਂ ਨੌਜਵਾਨਾਂ ਦਾ ਨਸ਼ੇੜੀ ਹੋਣਾ, ਪੰਜਾਬੀਆਂ ਦਾ ਨਿਕੰਮਾ ਅਤੇ ਵਿਹਲੜ ਹੋਣਾ, ਨੌਜਵਾਨ ਪੀੜ੍ਹੀ ਵਲੋਂ ਆਪਣੇ ਸਮਾਜਿਕ ਸਰੋਕਾਰਾਂ ਤੋਂ ਸੱਖਣੇ ਹੋਣਾ, ਬਜ਼ੁਰਗਾਂ ਦਾ ਆਦਰ ਮਾਣ ਨਾ ਹੋਣਾ, ਪੰਜਾਬੀ ਸਭਿਆਚਾਰ ਵਿੱਚ  ਕਲਾ ਮਰ ਗਈ ਅਤੇ ਗੀਤ ਤੇ ਸਾਹਿੱਤ ਅਸ਼ਲੀਲਤਾ ਵੱਲ ਰੁੜ੍ਹ ਗਏ ਹਨ, ਕਿਸਾਨ ਪੜ੍ਹੇ ਲਿਖੇ ਅਤੇ ਬੌਧਿਕ ਨਹੀਂ ਹਨ। ਇਸ ਅੰਦੋਲਨ ਨੇ ਇਹ ਸਾਰੀਆਂ ਮਿੱਥਾਂ ਤੋੜ ਕੇ ਪੁਰਾਣੇ ਪੰਜਾਬ ਦੀ ਸਾਂਝੀਵਾਲਤਾ ਦੇ ਫੰਡੇ ਨੂੰ ਮੁੜ ਸੁਰਜੀਤ ਕੀਤਾ ਹੈ। ਕਿਸਾਨਾਂ ਨੇ ਤੀਖਣ ਬੁੱਧੀ ਨਾਲ ਸਰਕਾਰ ਦੇ ਕਾਨੂੰਨਾਂ ਨੂੰ ਸਮਝ ਕੇ ਇਸ ਦਾ ਜੁਆਬ ਸ਼ਾਂਤਮਈ ਢੰਗ ਨਾਲ ਦਿੱਤਾ ਹੈ। ਭਾਈ ਘਨੱਈਆ ਜੀ ਦੀ ਰਿਵਾਇਤ ਨੂੰ ਦੁਸ਼ਮਣਾਂ ਨੂੰ ਲੰਗਰ ਛਕਾਕੇ ਕਾਇਮ ਰੱਖਿਆ ਹੈ। ਸਾਹਿੱਤਕ ਰਚਨਾਵਾਂ ਵਿੱਚ ਵੀ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਇਸ ਲੋਕ ਲਹਿਰ ਨਲ ਸਾਹਿੱਤ ਨੂੰ ਨਵੇਂ ਦਿਸਹੱਦੇ ਪ੍ਰਾਪਤ ਹੋਏ ਹਨ। ਸਾਹਿੱਤ ਨੇ ਸਭਿਆਚਾਰ ਵਿੱਚ ਆਏ ਨਿਘਾਰ ਨੂੰ ਭੁਲ ਕੇ ਇਸ ਚੰਗੇ ਪੱਖ ਉਜਾਗਰ ਕੀਤੇ ਹਨ। ਇਸ ਅੰਦੋਲਨ ਦੀ ਬਦੌਲਤ ਹੋਸ਼ ਤੇ ਜੋਸ਼ ਦਾ ਮੇਲ ਹੋਇਆ ਹੈ, ਔਰਤਾਂ ਦੀ ਭਾਗੀਦਾਰੀ ਵਧੀ ਹੈ, ਜੈਂਡਰ ਸੋਚ ਵਿੱਚ ਤਬਦੀਲੀ ਆਈ ਹੈ। ਔਰਤਾਂ ਘਰ ਵਿੱਚ ਖੇਤੀ ਦਾ ਕੰਮ ਕਰ ਰਹੀਆਂ ਹਨ ਤੇ ਮਰਦ ਮੋਰਚੇ ਵਿੱਚ ਔਰਤਾਂ ਵਾਲੇ ਸਾਰੇ ਕੰਮ ਕਰ ਰਹੇ ਹਨ – ਰੋਟੀ ਪਕਾਉਣੀਸਫਾਈ ਕਰਨੀ ਅਤੇ ਮੋਰਚੇ ਦਾ ਰੱਖ ਰਖਾਅ ਕਰ ਰਹੇ ਹਨ। ਔਰਤਾਂ ਟੋਲ ਪਲਾਜ਼ੇ ਬੰਦ ਕਰਵਾ ਰਹੀਆਂ ਹਨਭਾਸ਼ਨ ਕਰ ਰਹੀਆਂ ਹਨਘਰ ਖੇਤ ਤੇ ਬੱਚੇ ਸੰਭਾਲ ਰਹੀਆਂ ਹਨ। ਕਿਸਾਨ ਮੋਰਚੇ ਦੇ ਲੀਡਰ ਹਰ ਤਰ੍ਹਾਂ ਦੀ ਭਾਸ਼ਾ ਵਿੱਚ ਮੀਡੀਆ ਤੇ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਇਥੇ ਕਿਸੇ ਖਿੱਤੇ ਦਾ ਫਰਕ ਨਹੀਂ ਪਿਆ – ਮਾਝੇਦੁਆਬੇਪੁਆਂਦਮਾਲਵਾ-ਹਰਿਆਣਾ ਅਤੇ ਹੋਰ ਪ੍ਰਾਤਾਂ ਕਿਸਾਨ ਮਜ਼ਦੂਰ ਇਕੱਠੇ ਮੋਰਚਾ ਸੰਭਾਲੀ ਬੈਠੇ ਹਨ। ਇਥੇ ਲੰਗਰ ਦੇ ਵੀ ਵੱਖਰ-ਵੱਖਰੇ ਰੂਪ ਜਿਵੇਂ ਕਿਤਾਬਾਂ ਦਾ ਲੰਗਰਜਿਮ, ਖਾਣੇ ਦਾ ਲੰਗਰ ਅਤੇ ਹੋਰ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੇ ਲੰਗਰ ਲੱਗੇ ਹੋਏ ਹਨ। ਪ੍ਰਵਾਸੀ ਪੰਜਾਬੀਆਂ ਨੇ ਇਸ ਵਿੱਚ ਆਪਣਾ ਯੋਗਦਾਨ ਪਾਕੇ ਗਦਰ ਲਹਿਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਯੂਰਪ ਦੇ ਸਾਰੇ ਦੇਸ਼ਾਂ ਦੇ ਪੰਜਾਬੀ ਜੁੜ ਗਏ ਹਨ। ਇਸ ਅੰਦੋਲਨ ਤੋਂ ਸਾਰੇ ਰਾਜਸੀ ਲਾਣੇ ਬਾਹਰ ਰੱਖੇ ਗਏ ਹਨ- ਅਫਸਰਸ਼ਾਹੀ ਨੂੰ ਦਲੀਲ ਨਾਲ ਜੁਆਬ ਦਿੱਤੇ ਜਾ ਰਹੇ ਹਨ। ਇਹ ਸਥਾਨਕ ਅਤੇ ਗਲੋਬਲਾਈਜੇਸ਼ਨ ਦਾ ਮੇਲ ਹੋਇਆ ਹੈਕਿਰਤੀ ਤੇ ਕਿਸਾਨ ਦਾ ਮੇਲ ਹੋਇਆ ਹੈ। ਸਭਿਆਚਾਰਕ ਕਦਰਾਂ ਕੀਮਤਾਂ ਦਾ ਪੁਨਰਜਨਮ ਹੋਇਆ ਹੈ। ਵੈਬੀਨਾਰ ਦੀ ਕਾਰਵਾਈ ਪ੍ਰੈੱਸ ਨੂੰ ਰਿਲੀਜ਼ ਕਰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਵਿੱਚ ਡਾ: ਸ਼ਿਆਸ ਸੁੰਦਰ ਦੀਪਤੀ ਨੇ ਇਹ ਖਦਸ਼ਾ ਪ੍ਰਗਟਾਇਆ ਕਿ ਇਹ ਤਬਦੀਲੀਆਂ ਸਦੀਵੀ ਰਹਿ ਸਕਣਗੀਆਂਇਸੇ ਤਰ੍ਹਾਂਪ੍ਰੋ: ਰਣਜੀਤ ਧੀਰਗੁਰਚਰਨ ਨੂਰਪੁਰ ਨੇ ਕਿਹਾ ਕਿ ਕਿਸਾਨ ਪੰਜਾਬ ਤਿੰਨ ਮੁਹਾਜ਼ਾਂ ਤੇ ਲੜ ਰਿਹਾ ਹੈ- ਸਰਕਾਰਗੋਦੀ ਮੀਡੀਆ ਅਤੇ ਕਾਰਪੋਰੇਟ ਸੈਕਟਰ। ਉਹਨਾ ਨੌਜਵਾਨਾਂ ਨੂੰ ਧੀਰਜ ਰੱਖਣ ਲਈ ਪ੍ਰੇਰਤ ਕੀਤਾ। ਵਰਿੰਦਰ ਸ਼ਰਮਾ ਐਮ ਪੀ ਯੂ.ਕੇ.ਕੇਹਰ ਸ਼ਰੀਫ ਅਤੇ ਸੁਰਿੰਦਰ ਮਚਾਕੀ ਨੇ ਕਿਹਾ ਕਿ ਪਰਜਤੰਤਰਕ ਢਾਂਚੇ ਨੂੰ ਢਾਅ ਲੱਗਦੀ ਜਾ ਰਹੀ ਹੈਪਾਰਲਮੈਂਟਰੀ ਢਾਂਚਾ ਵੀ ਖੇਰੂੰ ਖੇਰੂੰ ਹੋਣ ਦਾ ਖਦਸ਼ਾ ਹੈ। ਇਸ ਨਾਲ ਰਾਜਸੀ ਪੱਧਰ ਤੇ ਜ਼ਰੂਰ ਤਬਦੀਲੀਆਂ ਆਉਣਗੀਆਂ। ਜਗਦੀਪ ਸਿੰਘ ਕਾਹਲੋਂ, ਜੀ.ਐਸ. ਗੁਰਦਿੱਤਰਵਿੰਦਰ ਸਹਿਰਾਅਦੀਦਾਰ ਸ਼ੇਤਰਾ ਅਤੇ ਚਰਨਜੀਤ ਗੁੰਮਟਾਲਾ ਨੇ ਸਰਕਾਰ ਅਤੇ ਕਿਸਾਨ ਲੀਡਰਾਂ ਵਿਚਲੇ ਡੈਲਲਾਕ ਤੇ ਫਿਕਰ ਪ੍ਰਗਟ ਕੀਤਾ। ਅੰਤ ਵਿਚ ਮੁੱਖ ਵਕਤਾ ਵਲੋਂ ਉਠੇ ਖ਼ਦਸ਼ਿਆਂ ਨੂੰ ਨਿਵਰਤ ਕੀਤਾ ਗਿਆ। ਗਿਆਨ ਸਿੰਘ ਡੀ ਪੀ ਆਰ.ਓ. ਨੇ ਸਾਰੇ ਵਕਤਾਵਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਵਰਿੰਦਰ ਸ਼ਰਮਾ ਐਮ.ਪੀ.ਯੂਕੇ, ਰਣਜੀਤ ਧੀਰ ਯੂ.ਕੇ, ਅਮਰਜੀਤ ਕੌਰ, ਰਵਿੰਦਰ ਸਹਿਰਾਅ, ਪਵਨ ਸਰਵਰ, ਸੀਤਲ ਰਾਮ ਬੰਗਾ, ਸੁਰਿੰਦਰ ਮਚਾਕੀ, ਕੇ.ਜਵੰਦਾ, ਕੁਲਵੰਤ ਸਿੰਘ, ਕੇਹਰ ਸ਼ਰੀਫ਼, ਕੁਲਵਿੰਦਰ ਢਿੱਲੋਂ, ਮਨਦੀਪ ਸਿੰਘ, ਪਰਵਿੰਦਰਜੀਤ ਸਿੰਘ, ਗੁਰਮੀਤ ਸਿੰਘ ਪਲਾਹੀ, ਨਰਿੰਦਰਜੀਤ ਸੋਢੀ, ਡਾ: ਐਸ.ਐਸ. ਦੀਪਤੀ, ਮੁਕੇਸ਼ ਕੁਮਾਰ, ਬੰਸੋ ਦੇਵੀ, ਦਰਸ਼ਨ ਸਿੰਘ ਰਿਆੜ, ਦੀਦਾਰ ਸ਼ੇਤਰਾ, ਗਿਆਨ ਸਿੰਘ ਮੋਗਾ, ਗੁਰਚਰਨ ਨੂਰਪੁਰ, ਗੁਰਦੀਪ ਬੰਗੜ, ਗੁਰਲਾਲ ਮਾਨ, ਰਵਿੰਦਰ ਚੋਟ, ਡਾ: ਚਰਨਜੀਤ ਸਿੰਘ ਗੁੰਮਟਾਲਾ, ਜਗਦੀਪ ਸਿੰਘ ਕਾਹਲੋਂ, ਜੀ ਐਸ ਗੁਰਦਿੱਤ, ਨਿਰਮਲ ਸਿੰਘ ਖੁਬੇਰ, ਐਡਵੋਕੇਟ ਐਸ.ਐਲ. ਵਿਰਦੀ ਆਦਿ ਹਾਜ਼ਰ ਸਨ।