ਫਗਵਾੜਾ 3 ਸਤੰਬਰ (ਸ਼ਿਵ ਕੋੜਾ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਦੇਸ਼ ਦੀ ਆਰਥਕਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਹ ਗੱਲ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਜਿਸ ਦਿਨ ਮੋਦੀ ਸਰਕਾਰ ਨੇ ਨੋਟਬੰਦੀ ਕੀਤੀ ਸੀ ਉਸ ਦਿਨ ਤੋਂ ਹੀ ਦੇਸ਼ ਦੀ ਅਰਥ ਵਿਵਸਥਾ ਦਾ ਘਾਣ ਹੋਣਾ ਸ਼ੁਰੂ ਹੋ ਗਿਆ ਸੀ। ਪਿਛਲੇ ਚਾਰ ਸਾਲ ਵਿਚ ਨੋਟਬੰਦੀ ਦਾ ਜੋ ਮਾੜਾ ਅਸਰ ਹੋਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਮੋਜੂਦਾ ਵਿੱਤ ਵਰਾ ਵਿਚ ਅਪ੍ਰੈਲ-ਜੂਨ ਦੀ ਪਹਿਲੀ ਤਿਮਾਹੀ ਨੂੰ ਹੀ ਦੇਖੀਏ ਤਾਂ ਜੀ.ਡੀ.ਪੀ. 23.9 ਫੀਸਦੀ ਘਟੀ ਹੈ। ਸਿਰਫ ਖੇਤੀ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਭ ਤੋਂ ਮਾੜਾ ਅਸਰ ਉਸਾਰੀ ਸੈਕਟਰ ਉਪਰ ਹੋਇਆ ਹੈ। ਖੇਤੀ ਦੇ ਸੈਕਟਰ ਦਾ ਮਾੜਾ ਹਸ਼ਰ ਕਰਨ ਦੀ ਰੂਪਰੇਖਾ ਵੀ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸ ਨਾਲ ਤਿਆਰ ਕਰ ਲਈ ਹੈ। ਉਹਨਾਂ ਆਂਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ ਘਰੇਲੂ ਬਿਜਲੀ, ਗੈਸ, ਜਲ ਸਪਲਾਈ ਆਦਿ ਵਿਚ 7% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵਲੋਂ ਅਪਣਾਈਆਂ ਗਲਤ ਨੀਤੀਆਂ ਕਾਰਨ ਹੋਟਲ, ਟਰਾਂਸਪੋਰਟ, ਸੰਚਾਰ ਅਤੇ ਪ੍ਰਸਾਰ ਨਾਲ ਸਬੰਧਤ ਸੇਵਾਵਾਂ ‘ਚ 47% ਦੀ ਗਿਰਾਵਟ ਆਈ ਹੈ। ਉਹਨਾਂ ਰੀਅਲ ਅਸਟੇਟ ਵਿਚ 5.3% ਅਤੇ ਲੋਕ ਪ੍ਰਸ਼ਾਸਨ ਰੱਖਿਆ ਵਿਚ 10 ਫੀਸਦੀ ਤੋਂ ਵੱਧ ਦੀ ਗਿਰਾਵਟ ਨੂੰ ਵੀ ਦੇਸ਼ ਦੀ ਅਰਥ ਵਿਵਸਥਾ ਲਈ ਮੰਦਭਾਗਾ ਦੱਸਿਆ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀ ਜਨਤਾ ਨੀਂਦ ਤੋਂ ਜਾਗੇ ਤਾਂ ਕਿ ਤੱਰਕੀ ਦਾ ਸਬਜ ਬਾਗ ਦਿਖਾ ਕੇ ਦੇਸ਼ ਨੂੰ ਆਰਥਕ ਕੰਗਾਲੀ ਵੱਲ ਲੈ ਕੇ ਜਾ ਰਹੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ।