ਫਗਵਾੜਾ 6 ਫਰਵਰੀ (ਸ਼ਿਵ ਕੋੜਾ) ਜੈ ਬਾਬਾ ਕੁੱਲੇ ਵਾਲੀ ਸਰਕਾਰ ਨਜਦੀਕ ਕਿਰਪਾਲਪੁਰ ਕਲੋਨੀ ਉੱਚਾ ਪਿੰਡ (ਫਗਵਾੜਾ) ਵਲੋਂ ਮਸਤ ਬਾਬਾ ਮਨਸਾ ਦਾਸ ਸਿੱਧੂ ਦੇ 113ਵੇਂ ਜਨਮ ਦਿਵਸ ਅਤੇ 13 ਵੀ ਬਰਸੀ ਸਬੰਧੀ ਦੋ ਦਿਨਾਂ ਸਲਾਨਾ ਜੋੜ ਮੇਲਾ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਦਰਬਾਰ ਦੇ ਮੋਜੂਦਾ ਗੱਦੀ ਨਸ਼ੀਨ ਬਾਬਾ ਸੋਮਨਾਥ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਮੇਲੇ ਦੇ ਪਹਿਲੇ ਦਿਨ ਝੰਡੇ ਅਤੇ ਸ਼ਾਮ ਨੂੰ ਚਰਾਗ਼ ਦੀ ਰਸਮ ਨਿਭਾਈ ਗਈ। ਰਾਤ ਨੂੰ ਪ੍ਰਸਿੱਧ ਨਕਾਲ ਅਤੇ ਕਵਾਲ ਪਾਰਟੀਆਂ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ। ਦੂਸਰੇ ਦਿਨ ਚਾਦਰ ਦੀ ਰਸਮ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਨਾਮਵਰ ਗਾਇਕ ਕਲਾਕਾਰਾਂ ਨੇ ਆਪਣੀ ਭਰਵੀ ਹਾਜਰੀ ਲਗਵਾਈ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਚੇਅਰਮੈਨ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ (ਪੰਜਾਬ) ਜੋਗਿੰਦਰ ਸਿੰਘ ਮਾਨ ਅਤੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਉਂਦੇ ਹੋ ਸੰਤਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਜੋਗਿੰਦਰ ਸਿੰਘ ਮਾਨ ਨੇ ਸਮੂਹ ਸੰਗਤ ਨੂੰ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਹਮੇਸ਼ਾ ਸੁਰਜੀਤ ਰੱਖਣ ਲਈ ਅਜਿਹੇ ਦਿਨ ਤਿਓਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਸੱਭਿਆਚਾਰ ਜੀਉਂਦਾ ਰਹੇ ਅਤੇ ਭਾਈਚਾਰਕ ਸਾਂਝ ਵੀ ਹੋਰ ਮਜਬੂਤ ਬਣੇ। ਪ੍ਰਬੰਧਕਾਂ ਵਲੋਂ ਸ. ਮਾਨ ਅਤੇ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਲੰਗਰ ਦੀ ਸੇਵਾ ਅਤੁਟ ਵਰਤਾਈ ਗਈ। ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਬਿੱਲੂ ਖੇੜਾ, ਵਰੁਣ ਚੱਕ ਹਕੀਮ, ਸਨੀ ਬਾਂਸਲ, ਮਨੋਜਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਹਾਜਰ ਸਨ।