ਫਗਵਾੜਾ 17 ਅਪ੍ਰੈਲ (ਸ਼ਿਵ ਕੋੜਾ) ਡਾ.ਬੀ.ਆਰ.  ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਵਸ ਨੂੰ ਸਮਰਪਿਤ ਸਤਵਾਂ ਸਲਾਨਾ ਯਾਦਗਾਰੀ ਮੇਲਾ ਸੁਸਾਇਟੀ ਦੀ ਪ੍ਰਧਾਨ ਸ੍ਰੀਮਤੀ ਸੀਤਾ ਕੌਲ ਦੀ ਅਗਵਾਈ ਹੇਠ ਡਾ. ਬੀ.ਆਰ. ਅੰਬੇਡਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਗੁਰਦਿਆਲ ਬੌਧ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੰਤ ਕਿਸ਼ਨ ਨਾਥ ਚਹੇੜੂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਬਸਪਾ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਵਲੋਂ ਕੀਤੀ ਗਈ। ਮੇਲੇ ਦਾ ਸ਼ੁੱਭ ਆਰੰਭ ਪਾਰਕ ਵਿਚ ਸਥਾਪਤ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਬੁੱਤਾਂ ‘ਤੇ ਫੁੱਲਮਾਲਾਵਾਂ ਭੇਂਟ ਕਰਕੇ ਹੋਇਆ। ਉਪਰੰਤ ਨਵੇਂ ਵਿਆਹੇ ਜੋੜੇ ਰਾਜਜੀਤ ਕਲੇਰ ਤੇ ਪ੍ਰੀਤੀ ਬੰਗੜ ਨੂੰ ਸੰਤ ਕਿਸ਼ਨ ਨਾਥ ਨੇ ਬਾਬਾ ਸਾਹਿਬ ਦਾ ਧੰਮ ਦਾ ਮਾਰਗ ਪੜ੍ਹਾਇਆ ਜਿਹਨਾਂ ਨੇ ਇਸ ਤੇ ਚੱਲਣ ਦਾ ਸੰਕਲਪ ਲਿਆ। ਪੰਡਾਲ ਦਾ ਉਦਘਾਟਨ ਕਲੇਰ ਅਤੇ ਬੰਗੜ ਪਰਿਵਾਰਾਂ ਵਲੋਂ ਬੈਂਡ ਬਾਜੇ ਨਾਲ ਕੀਤਾ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ਾਂ ਉਪਰ ਅਧਾਰਤ ਭਾਸ਼ਣ, ਕੋਰੀਓਗ੍ਰਾਫੀ, ਗੀਤ ਤੇ ਕਵਿਤਾਵਾਂ ਪੇਸ਼ ਕਰਕੇ ਵਾਹਵਾਹੀ ਖੱਟੀ। ਬਸਪਾ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਨੇ ਆਪਣੇ ਸੰਬੋਧਨ ਵਿਚ ਬਾਬਾ ਸਾਹਿਬ ਨੂੰ ਦਲਿਤਾਂ ਅਤੇ ਔਰਤਾਂ ਦਾ ਮਸੀਹਾ ਦੱਸਿਆ। ਸੰਤ ਕ੍ਰਿਸ਼ਨ ਨਾਥ ਚਹੇੜੂ ਅਤੇ ਗੁਰਦਿਆਲ ਬੋਧ ਨੇ ਸਮੂਹ ਹਾਜਰੀਨ ਨੂੰ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਆਜਾਦ ਕਲਾ ਮੰਚ ਫਗਵਾੜਾ ਵਲੋਂ ਨਿਰਮਲ ਗੁੜਾ ਅਤੇ ਟੀਮ ਨੇ ਬਾਬਾ ਸਾਹਿਬ ‘ਤੇ ਅਧਾਰਤ ਕੋਰੀਓਗ੍ਰਾਫੀ ਰਾਹੀਂ ਨਾਟਕ ਖੇਡਿਆ ਜਦਕਿ ਮਸ਼ਹੂਰ ਗਾਇਕਾ ਗਿੰਨੀ ਮਾਹੀ ਗੋਲਡ ਮੈਡਲਿਸਟ ਜੀਵਨ ਮਹਿਮੀ, ਮਨਦੀਪ ਮਨੀ ਮਾਲਵਾ, ਰਮੇਸ਼ ਚੌਹਾਨ, ਰਾਣੀ ਅਰਮਾਨ, ਮਲਕੀਤ ਬਵੇਲੀ, ਅਮਰਜੀਤ ਕੌਲ, ਮਿੰਟੂ ਕੌਲ ਨੇ ਬਾਬਾ ਸਾਹਿਬ ਨੂੰ ਸਮਰਪਿਤ ਗੀਤਾਂ ਨਾਲ ਸਰੋਤਿਆਂ ‘ਚ ਜੋਸ਼ ਦਾ ਸੰਚਾਰ ਕੀਤਾ। ਸੁਸਾਇਟੀ ਪ੍ਰਧਾਨ ਸ੍ਰੀਮਤੀ ਸੀਤਾ ਕੌਲ ਨੇ ਸਮੂਹ ਪਤਵੰਤਿਆਂ, ਮੁੱਖ ਮਹਿਮਾਨਾ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੁੱਖ ਮਹਿਮਾਨ ਅਤੇ ਪਤਵੰਤਿਆਂ ਤੋਂ ਇਲਾਵਾ ਮੇਲੇ ਵਿਚ ਪੇਸ਼ਕਾਰੀ ਦੇਣ ਵਾਲੇ ਬੱਚਿਆਂ, ਕਲਾਕਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਦੀ ਸੇਵਾ ਅਮਰਜੀਤ ਕੌਲ ਨੇ ਬਾਖੂਬੀ ਨਿਭਾਈ। ਮੇਲੇ ਦੇ ਸਬੰਧ ਵਿਚ ਪਾਰਕ ਨੂੰ ਖੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ ਸੀ ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਮਿਸ਼ਨਰੀ ਲਿਖਾਰੀ ਸੋਹਨ ਸਹਿਜਲ, ਰਾਮਧਨ ਬੱਬੀ, ਰਮੇਸ਼ ਬੱਬੀ, ਬਲਦੇਵ ਲਾਲ, ਸੋਨੂੰ ਫੌਜੀ, ਰਾਕੇਸ਼ ਕੁਮਾਰ, ਲੇਖਰਾਜ ਜਮਾਲਪੁਰ ਜੋਨ ਇੰਚਾਰਜ ਬਸਪਾ, ਚਿਰੰਜੀ ਲਾਲ ਕਾਲਾ ਪ੍ਰਧਾਨ, ਗੁਰਦਿੱਤਾ ਬੰਗੜ ਜਿਲ੍ਹਾ ਇੰਚਾਰਜ, ਪਰਮਜੀਤ ਖਲਵਾੜਾ, ਮਾਸਟਰ ਸਾਧੂ ਰਾਮ, ਪ੍ਰੋਫੈਸਰ ਰਜਿੰਦਰ ਕੁਮਾਰ, ਅਸ਼ੋਕ ਸੰਧੂ, ਕਰਨ ਝੱਲੀ, ਡਾ. ਪਾਲ, ਅਮਰਜੀਤ ਖੁੱਤਣ, ਗੁਰਮੀਤ ਰਾਮ, ਤੇਜਪਾਲ ਬਸਰਾ ਆਦਿ ਹਾਜਰ ਸਨ।