
ਜਲੰਧਰ 03 ਅਗਸਤ 2020
ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਕੋਵਿਡ-19 ਦੇ ਲੈਵਲ-3 ਦੇ ਮਰੀਜ਼ਾਂ ਜਿਨਾਂ ਨੂੰ ਆਈ.ਸੀ.ਯੂ.ਅਤੇ ਵੈਂਟੀਲੇਟਰ ਦੀ ਲੋੜ ਹੁੰਦੀ ਹੈ ਲਈ ਮੈਡੀਕਲ ਸਹੂਲਤਾਂ ਨੂੰ ਹੋਰ ਵਧਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 28 ਬੈਡਾਂ ਤੋਂ 52 ਬੈਡਾਂ ਤੱਕ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਜਲੰਧਰ ਜ਼ਿਲ੍ਹੇ ਵਿੱਚ ਵੱਧ ਰਹੇ ਕੋਵਿਡ ਦੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸਕੱਤਰ ਸਿਹਤ ਅਤੇ ਮੇਨੈਜਿੰਗ ਡਾਇਰੈਕਟਰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੂੰ ਜਲੰਧਰ ਵਿਖੇ ਕੋਵਿਡ-19 ਦੇ ਲੈਵਲ-3 ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋੜੀਂਦਾ ਬੁਨਿਆਦੀ ਢਾਂਚੇ ਅਤੇ ਇਸ ਢਾਂਚੇ ਲਈ ਵਾਧੂ ਸਿਹਤ ਅਮਲਾ ਮੁਹੱਈਆ ਕਰਵਾਉਣ ਲਈ ਲਿਖਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੇ ਵੱਧ ਰਹੇ ਕੇਸਾਂ ਨਾਲ ਪੂਰੀ ਸਮੱਰਥਾ ਨਾਲ ਨਿਪਟਣ ਲਈ ਤਿਆਰ ਹੈ।
ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ 24 ਫਾਊਲਰ ਬੈਡ, 22 ਬੈਡ ਸਾਈਡ ਸਕਰੀਮ, ਪੰਜ ਮਲਟੀਪਾਰਾ ਮੋਨੀਟਰ, 19 ਪਲਸ ਔਕਸੀਮੀਟਰ, ਛੇ ਸਰਿੰਜ ਇੰਫਿਊਜ਼ਿਨ ਪੰਪਸ, ਤਿੰਨ ਸਕਸ਼ਨ ਮਸ਼ੀਨ, ਛੇ ਕਰੈਸ ਕਾਰਟਸ, ਤਿੰਨ ਲੈਰੀਨਗੋਸਕੋਪ, 10000 ਗਲੂਕੋਮੀਟਰ ਸਟਰਿਪਸ, 30 ਨਾਨ-ਰੀ-ਬ੍ਰੀਥਿੰਗ ਵੈਂਟੀਲੇਟਰ ਮਾਸਕ, ਇਕ ਫਰਿੱਜ ਅਤੇ ਵਾਟਰ ਕੂਲਰ, ਦੋ ਇੰਸਪਟਰੂਮੈਂਟ ਟਰਾਲੀ, 100 ਫੇਸ ਸ਼ੀਲਡ, 50 ਓ.ਟੀ. ਗਾਊਨਸ ਤੋਂ ਇਲਾਵਾ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਅਮਲੇ ਦੀ ਸੂਚੀ ਸਕੱਤਰ ਸਿਹਤ ਅਤੇ ਮੇਨੈਜਿੰਗ ਡਾਇਰੈਕਟਰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਨੁੂੰ ਭੇਜੀ ਜਾ ਚੁੱਕੀ ਹੈ।
ਥੋਰੀ ਨੇ ਦੱਸਿਆ ਕਿ ਇਹ ਮੈਡੀਕਲ ਸਕੂਲਾਂ ਗੰਭੀਰ ਹਾਲਤ ਵਾਲੇ ਮਰੀਜਾਂ ਲਈ ਆਧੁਨਿਕ ਤਰਜ ’ਤੇ ਅਪਗ੍ਰੇਡ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਰੀਜ਼ਾਂ ਨੂੰ ਵਧੀਆ ਇਲਾਜ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਥੋਰੀ ਨੇ ਦੱਸਿਆ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਸਾਰੇ ਵਿਭਾਗ ਬਿਹਤਰ ਤਾਲਮੇਲ ਨਾਲ ਕੋਵਿਡ-19 ਖਿਲਾਫ਼ ਜੰਗ ਨੂੰ ਪੂਰੀ ਸਮਰੱਥਾ ਨਾਲ ਲੜਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਲੋਕਾਂ ਨੁੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਸਿਹਤ ਅਤੇ ਕੋਵਿਡ ਸੁਰੱਖਿਆ ਪ੍ਰੋਟੋਕਾਲ ਜਿਸ ਵਿੱਚ ਦੋ ਗਜ਼ ਦੀ ਦੂਰੀ, ਸਹੀ ਢੰਗ ਨਾਲ ਮਾਸਕ ਪਾਉਣਾ, ਹੱਥਾਂ ਨੁੂੰੰ ਚੰਗੀ ਤਰ੍ਹਾਂ ਧੋਣਾ ਅਤੇ ਬਜ਼ੁਰਗਾਂ ਦਾ ਸਹੀ ਢੰਗ ਨਾਲ ਖ਼ਿਆਲ ਰੱਖਣਾ ਸ਼ਾਮਿਲ ਹੈ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।