ਜਲੰਧਰ (06-08-2021) : ਨੈਸ਼ਨਲ ਵੈਕਟਰ ਅਤੇ ਵਾਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਮੰਡੀ ਬੋਰਡ ਸਬਜੀ ਮੰਡੀ, ਸਰਕਟ ਹਾਊਸ, ਗੁਰੂ ਨਾਨਕ ਲਾਇਬ੍ਰੇਰੀ, ਸਹਿਦੇਵ ਮਾਰਕਿਟ, ਬਾਬੂ ਲਾਭ ਸਿੰਘ ਨਗਰ, ਕਮਲ ਵਿਹਾਰ, ਬਲਦੇਵ ਨਗਰ, ਬਾਲਮੀਕਿ ਮੁਹੱਲਾ, ਅਵਤਾਰ ਨਗਰ ਨਿਊ ਸੁਰਾਜਗੰਜ ਵਿੱਚ ਜਾਂਚ ਕੀਤੀ ਗਈ। ਇਸ ਦੌਰਾਨ ਸਿਹਤ ਟੀਮਾਂ ਵਲੋਂ 310 ਘਰਾਂ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਜਾਂਚ ਕੀਤੀ ਗਈ ਅਤੇ ਡੇਂਗੂ ਲਾਰਵੇ ਦੀ ਸ਼ਨਾਖਤ ਦੇ ਮੱਦੇਨਜਰ 121 ਕੂਲਰ, 410 ਨਾ ਵਰਤੋ ਯੋਗ ਵਸਤਾਂ ਅਤੇ 55 ਟਾਇਰ ਜਾਂਚੇ ਗਏ। ਇਸ ਦੌਰਾਨ 13 ਥਾਂਵਾਂ ਤੇ ਮੱਛਰਾਂ ਦਾ ਲਾਰਵਾ ਵੀ ਪਾਇਆ ਗਿਆ ਜੋ ਕਿ ਟੀਮਾਂ ਵਲੋਂ ਨਸ਼ਟ ਕਰਵਾ ਦਿੱਤਾ ਗਿਆ। ਵੱਖ-ਵੱਖ ਥਾਵਾਂ ਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ ਅਤੇ ਪੀਣ ਵਾਲੇ ਪਾਣੀ ਨੂੰ ਸਾਫ਼ ਤੇ ਸ਼ੁੱਧ ਰੱਖਣ ਲਈ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ।

ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਐਪੀਡਿਮੋਲੋਜਿਸਟ ਡਾ. ਗੁੰਜਨ ਹਲ੍ਹਣ, ਡਿਪਟੀ ਐਮ.ਈ.ਆਈ.ਓ. ਪਰਮਜੀਤ ਕੌਰ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਇਨਸੈਕਟ ਕੋਲੇਕਟਰ ਰਾਜਨ ਕੁਮਾਰ ਦੀ ਮੌਜੂਦਗੀ ਵਿੱਚ, ਡੇਂਗੂ ਰੋਕਥਾਮ ਸੰਬੰਧੀ ਪੋਸਟਰ ਜਾਰੀ ਕੀਤਾ ਗਿਆ ਅਤੇ ਐਂਟੀ ਲਾਰਵਾ ਟੀਮਾਂ ਵਲੋਂ ਵੱਖ-ਵੱਖ ਸਥਾਨਾਂ ਦਾ ਦੌਰਾ ਕਰਦਿਆਂ ਇਹ ਪੋਸਟਰ ਡਿਸਪਲੇ ਵੀ ਕਰਵਾਏ ਗਏ।  

ਜਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਮੱਛਰ ਕੱਟਣ ਨਾਲ ਹੁੰਦਾ ਹੈ ਅਤੇ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਦਿਨ ਸਮੇਂ ਹੀ ਕੱਟਦਾ ਹੈ। ਉਨ੍ਹਾਂ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬੁਖਾਰ, ਸਿਰਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇਆਂ ਚ ਦਰਦ, ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਇਹ ਲੱਛਣ ਪਾਏ ਜਾਣ ਤੇ ਸਿਰਫ ਪੈਰਾਸੇਟਾਮੋਲ ਲਵੋ, ਇਸਦੇ ਨਾਲ ਹੀ ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਓ ਅਤੇ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਡਾ. ਬਾਂਸਲ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਡਾਇਰੀਆ, ਹੈਜਾ ਅਤੇ ਪੇਟ ਦੀਆਂ ਹੋਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਇਨ੍ਹਾਂ ਬੀਮਾਰਿਆਂ ਤੋ ਬਚਾਓ ਲਈ ਘਰ ਦੇ ਬਣੇ ਭੋਜਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਜੰਕ ਫੂਡ ਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ।

 

ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਨੇ ਕਿਹਾ ਕਿ ਡੇਂਗੂ ਤੋਂ ਬਚਾਓ ਲਈ ਕੂਲਰਾਂ ਅਤੇ ਗਮਲੇਆਂ ਦੀਆਂ ਟ੍ਰੇਆਂ ਚ ਖੜੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਸਾਫ ਜਰੂਰ ਕਰਨਾ ਚਾਹੀਦਾ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕਪੜੇ ਪਹਿਨਣੇ ਚਾਹੀਦੇ ਹਨ ਤਾਂ ਜੋ ਮੱਛਰ ਨਾ ਕੱਟ ਸਕੇ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਘਰਾਂ ਦੀਆਂ ਛਤਾਂ ਅਤੇ ਖੁੱਲੇ ਵਿੱਚ ਨਾ ਰਖੋ ਤਾਂ ਜੋ ਇਨ੍ਹਾਂ ਵਿਚ ਡੇਂਗੂ ਲਾਰਵਾ ਨਾ ਪਨਪੇ।