ਅੰਮ੍ਰਿਤਸਰ : ਐਲੀਮੈਂਟਰੀ ਟੀਚਰ ਯੂਨੀਅਨ ਰਜਿ.ਪੰਜਾਬ ਦੀ ਤਰੱਕੀਆਂ ਦੇ ਮਸਲੇ ਨੂੰ ਲੈ ਕੇ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੋਪਾਰਾਏ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਇਕੱਤਰ ਅਧਿਆਪਕ ਆਗੂਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਨੇ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਅਤੇ ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ ਵੱਲੋਂ ਜਥੇਬੰਦੀ ਨਾਲ ਵੱਖ- ਵੱਖ ਸਮੇਂ ਮੀਟਿੰਗਾਂ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਨੂੰ ਲੰਮੇ ਸਮੇਂ ਤੋਂ ਮੁੱਖ ਅਧਿਆਪਕਾਂ ਤੇ ਸੈਂਟਰ ਮੁੱਖ ਅਧਿਆਪਕਾਂ ਦੀਆਂ ਰੁਕੀਅਾਂ ਤਰੱਕੀਆਂ ਦਾ ਕੰਮ ਜਲਦ ਤੋਂ ਜਲਦ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਜ਼ਿਲ੍ਹਾ ਦਫ਼ਤਰ ਅੰਮ੍ਰਿਤਸਰ ਵੱਲੋਂ ਜਾਣ ਬੁੱਝ ਕੇ ਇਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਕੋਈ ਦਿਲਚਸਪੀ ਨਹੀਂ ਵਿਖਾਈ ਗਈ। ਉਨ੍ਹਾਂ ਜਿਲ੍ਹਾ ਦਫ਼ਤਰ ਵੱਲੋਂ ਤਰੱਕੀਆਂ ਦੇ ਮਸਲੇ ‘ਚ ਕੀਤੀ ਜਾ ਰਹੀ ਢਿੱਲ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਤਰੱਕੀਆਂ ਬਹੁਤ ਲੇਟ ਹੋਣ ਕਾਰਨ ਅਧਿਆਪਕਾਂ ਦੇ ਮਨਾਂ ਅੰਦਰ ਭਾਰੀ ਗੁੱਸਾ ਹੈ।ਦੱਸਣਯੋਗ ਹੈ ਕਿ ਇਸ ਮੀਟਿੰਗ ਉਪਰੰਤ ਈ.ਟੀ.ਯੂ. ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਨੂੰ ਮਿਲ ਕੇ ਅਧਿਆਪਕਾਂ ਦੀਆਂ ਤਰੱਕੀਆਂ ‘ਚ ਹੋ ਰਹੀ ਦੇਰੀ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ। ਜਿਸ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਨਵੀਂ ਤਿਅਾਰ ਕੀਤੀ ਗਈ ਸੀਨੀਆਰਤਾ ਸੂਚੀ ਅੱਜ ਹੀ ਉੱਚ ਦਫ਼ਤਰ ਨੂੰ ਮੇਲ ਰਾਹੀਂ ਭੇਜ ਦਿੱਤੀ ਜਾਣੀ ਹੈ ਅਤੇ ਇਸ ਬਹੁਤ ਜਲਦ ਉੱਚ ਅਧਿਕਾਰੀਆਂ ਨੂੰ ਮਿਲ ਕੇ ਜ਼ਿਲ੍ਹੇ ਅੰਦਰ ਖਾਲੀ ਪਈਆਂ ਮੁੱਖ ਅਧਿਆਪਕਾਂ ਦੀਆਂ 115 ਅਤੇ ਸੈਂਟਰ ਮੁੱਖ ਅਧਿਆਪਕਾਂ 15 ਅਸਾਮੀਆਂ ਤੇ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ । ਉਪਰੋਕਤ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਜ਼ਿਲ੍ਹਾ ਦਫ਼ਤਰ ਨੂੰ ਤਰੱਕੀਆਂ ਦੇ ਕੇਸ ਮੰਗਣ ਲਈ ਪੱਤਰ ਜਾਰੀ ਕਰਨ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਜੇਕਰ ਨਿਸਚਿਤ ਸਮੇਂ ‘ਚ ਪੱਤਰ ਜਾਰੀ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਜਿਲਾ ਦਫਤਰ ਖਿਲਾਫ ਸਖਤ ਐਕਸ਼ਨ ਲਿਅਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਥੇਬੰਦੀ ਵੱਲੋਂ 19 ਫਰਵਰੀ ਨੂੰ ਇਸ ਮਸਲੇ ਤੇ ਮੁੜ ਮੀਟਿੰਗ ਸੱਦ ਲਈ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਜਤਿੰਦਰਪਾਲ ਸਿੰਘ ਰੰਧਾਵਾ,ਪਰਮਬੀਰ ਸਿੰਘ ਰੋਖੇ,ਨਵਦੀਪ ਸਿੰਘ,ਸੁਖਦੇਵ ਸਿੰਘ ਵੇਰਕਾ,ਗੁਰਪ੍ਰੀਤ ਸਿੰਘ ਥਿੰਦ,ਗੁਰਪ੍ਰੀਤ ਸਿੰਘ ਵੇਰਕਾ,ਮਨਿੰਦਰ ਸਿੰਘ,ਦਿਲਬਾਗ ਸਿੰਘ ਬਾਜਵਾ,ਪਰਮਬੀਰ ਸਿੰਘ ਵੇਰਕਾ,ਲਖਵਿੰਦਰ ਸਿੰਘ ਦਹੂਰੀਆ,ਜਸਵਿੰਦਰ ਪਾਲ ਸਿੰਘ ਚਮਿਆਰੀ,ਗੁਰਲਾਲ ਸਿੰਘ ਸੋਹੀ,ਸੁਲੇਖ ਸ਼ਰਮਾ,ਗੁਰਮੁਖ ਸਿੰਘ,ਜਗਦੀਪ ਸਿੰਘ ਮਜੀਠਾ,ਰਵਿੰਦਰ ਸ਼ਰਮਾ,ਪ੍ਰਮੋਦ ਸਿੰਘ,ਰਣਜੀਤ ਸਿੰਘ ਸ਼ਾਹ,ਭੁਪਿੰਦਰ ਸਿੰਘ ਠੱਠੀਆਂ,ਨਿਸ਼ਾਨ ਸਿੰਘ ਰਈਆ,ਗੁਰਮੀਤ ਸਿੰਘ,ਨਵਦੀਪ ਸਿੰਘ ਜੰਡਿਆਲਾ ਗੁਰੂ, ਰਣਜੀਤ ਸਿੰਘ,ਦਲਜੀਤ ਸਿੰਘ ਕਾਮਲਪੁਰਾ,ਸੰਦੀਪ ਕੁਮਾਰ ਮਹੇ ਸਮੇਤ ਕਈ ਆਗੂ ਹਾਜ਼ਰ ਸਨ।