ਫਗਵਾੜਾ 30 ਜੂਨ (ਸ਼ਿਵ ਕੋੜਾ) ਫਗਵਾੜਾ ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਫਗਵਾੜਾ ਦੀ ਕਾਰਗੁਜਾਰੀ ਉਪਰ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਅੱਜ ਕਿਹਾ ਕਿ ਨਗਰ ਨਿਗਮ ਦੀ ਮਾੜੀ ਕਾਰਗੁਜਾਰੀ ਦੇ ਚਲਦਿਆਂ ਸ਼ਹਿਰ ਵਾਸੀ ਨਰਕ ਭੋਗਣ ਲਈ ਮਜਬੂਰ ਹਨ ਤੇ ਸ਼ਹਿਰ ਕੂੜੇ ਦਾ ਢੇਰ ਬਣ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਥੋੜਾ ਸਮਾਂ ਪਹਿਲਾਂ ਹੀ ਆਧੂਨਿਕ ਮਸ਼ੀਨਰੀ ਲੈ ਕੇ ਦਿੱਤੀ ਸੀ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਬਣਾ ਕੇ ਰੱਖਿਆ ਜਾ ਸਕੇ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਲਈ ਨਿਗਮ ਕਮੀਸ਼ਨਰ ਰਾਜੀਵ ਵਰਮਾ ਜਵਾਬਦੇਹ ਹਨ। ਕੂੜੇ ਦੇ ਡੰਪਾਂ ਦੇ ਨਜਦੀਕ ਸੰਘਣੀ ਅਬਾਦੀ ਹੈ ਜਿਸ ਕਰਕੇ ਰਾਹਗੀਰ ਤਾਂ ਪਰੇਸ਼ਾਨ ਹੋ ਹੀ ਰਹੇ ਹਨ ਨਾਲ ਹੀ ਘਰਾਂ ‘ਚ ਰਹਿੰਦੇ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਹਰ ਸਮੇਂ ਹਵਾ ਵਿਚ ਬਦਬੂ ਭਰਿਆ ਵਾਤਾਵਰਣ ਬਣਿਆ ਰਹਿੰਦਾ ਹੈ। ਬਰਸਾਤ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਹ ਕੂੜੇ ਦੇ ਡੰਪ ਬਿਮਾਰੀਆਂ ਨੂੰ ਖੁੱਲਾ ਸੱਦਾ ਦੇ ਰਹੇ ਹਨ। ਆਵਾਰਾ ਪਸ਼ੂ ਵੀ ਗੰਦਗੀ ਵਿਚ ਮੂੰਹ ਮਾਰਦੇ ਹਨ ਅਤੇ ਕੂੜੇ ਨੂੰ ਸੜਕਾਂ ਉਪਰ ਫੈਲਾ ਰਹੇ ਹਨ। ਕੂੜੇ ਦੇ ਡੰਪਾਂ ‘ਚ ਮੱਖੀਆਂ ਤੇ ਮੱਛਰ ਪੈਦਾ ਹੋ ਰਹੇ ਹਨ ਜੋ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੇ  ਹਨ। ਇਸ ਸਭ ਤੋਂ ਅਣਜਾਨ ਨਿਗਮ ਪ੍ਰਸ਼ਾਸਨ ਅੱਖਾਂ ਮੀਚ ਕੇ ਚੈਨ ਦੀ ਨੀਂਦ ਸੋਂ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਨੂੰ ਮਾਡਲ ਸਿਟੀ ਵਜੋਂ ਵਿਕਸਿਤ ਕਰਨ ਦਾ ਦਾਅਵਾ ਕਰਨ ਵਾਲੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਫਰਜ਼ ਹੈ ਕਿ ਕਾਰਪੋਰੇਸ਼ਨ ਨੂੰ ਸਖ਼ਤ ਹਦਾਇਤ ਕਰਕੇ ਕੂੜੇ ਦੇ ਡੰਪਾਂ ਨੂੰ ਤੁਰੰਤ ਹਟਾਵਾਉਣ ਪਰ ਉਹ ਅਜਿਹਾ ਨਹੀਂ ਕਰਨਗੇ ਕਿਉਂਕਿ ਉਹਨਾਂ ਦੇ ਆਪਣੇ ਚਹੇਤੇ ਅਧਿਕਾਰੀ ਉੱਚ ਅਹੁਦਿਆਂ ਉਪਰ ਵਿਰਾਜਮਾਨ ਹੋ ਕੇ ਹਰ ਸਮੇਂ ਉਹਨਾਂ ਦੀ ਜੀ ਹਜੂਰੀ ਕਰਦੇ ਹਨ।