ਜਲੰਧਰ 25, ਮਈ -(ਸ਼ੈਲੀ ਐਲਬਰਟ)- ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ
ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਮੰਗ ਕੀਤੀ
ਕਿ ਪੰਜਾਬ ਦੇ ਨੋਜਵਾਨਾਂ ਦੀ ਜਿੰਦਗੀ ਤਬਾਹ ਕਰਨ ਵਾਲੇ ਸਿਆਸਤਦਾਨ-ਡਰੱਗ-ਸ਼ਰਾਬ
ਮਾਫੀਆ ਗੰਢ ਤੁੱਪ ਦੀ ਸਮਾਂ ਬੱਧ ਸੀ.ਬੀ.ਆਈ ਜਾਂਚ ਕਰਵਾਈ ਜਾਵੇ। ਖਹਿਰਾ ਨੇ
ਕਿਹਾ ਕਿ ਰਾਣਾ ਗੁਰਜੀਤ ਸਿੰਘ ਦੇ ਨਜਦੀਕੀ ਸਾਥੀ ਅਤੇ ਪਿੰਡ ਬੂਟ (ਕਪੂਰਥਲਾ) ਦੇ
ਸਾਬਕਾ ਮੈਂਬਰ ਪੰਚਾਇਤ ਚਿੱਟਾ ਤਸਕਰ ਅੋਂਕਾਰ ਉਰਫ ਕਾਰੀ (ਫੋਟੋ ਨਾਲ ਨੱਥੀ ਹੈ)
ਵੱਲੋਂ ਹਾਲ ਹੀ ਵਿੱਚ ਕੀਤੇ ਸਨਸਨੀਖੇਜ ਖੁਲਾਸਿਆਂ ਨੇ ਵੱਡੇ ਪੱਧਰ ਉੱਪਰ ਚੱਲ ਰਹੇ
ਡਰੱਗ ਮਾਫੀਆ ਨਾਲ ਕਾਂਗਰਸ ਦੇ ਦਾਗੀ ਸਾਬਕਾ ਮੰਤਰੀ ਰਾਣਾ ਗੁਰਜੀਤ ਦੀ ਡੂੰਘੀ
ਸ਼ਮੂਲੀਅਤ ਬਾਰੇ ਦੱਸਿਆ ਹੈ।
ਖਹਿਰਾ ਨੇ ਕਿਹਾ ਕਿ ਹਾਲ ਹੀ ਵਿੱਚ ਕਪੂਰਥਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ
ਅੋਂਕਾਰ ਉਰਫ ਕਾਰੀ ਨੇ ਕਬੂਲ ਕੀਤਾ ਕਿ ਉਸ ਨੇ ਪਿਛਲੇ ਇੱਕ ਸਾਲ ਦੋਰਾਨ ਜਲੰਧਰ ਦੇ
ਨੇਕਦੀਪ ਕੁਮਾਰ ਉਰਫ ਸੰਨੀ ਕੋਲੋਂ 4 ਕਿਲੋ ਚਿੱਟਾ ਦੋ ਖੇਪਾਂ ਵਿੱਚ ਲਿਆ ਸੀ।
ਖਹਿਰਾ ਨੇ ਕਿਹਾ ਕਿ ਨੇਕਦੀਪ ਕੁਮਾਰ ਨੇ ਕਪੂਰਥਲਾ ਪੁਲਿਸ ਕੋਲ ਇਹ ਕਬੂਲ ਕੀਤਾ ਕਿ
ਉਸ ਨੇ ਪਿਛਲੇ ਦੋ ਸਾਲਾਂ ਦੋਰਾਨ ਪੰਜਾਬ ਵਿੱਚ 400 ਕਿਲੋ ਚਿੱਟਾ ਤਸਕਰੀ ਕਰਕੇ
ਵੇਚਿਆ ਹੈ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਵੱਲੋਂ ਸਹਿ ਦਿੱਤੇ ਜਾ ਰਹੇ
ਅੋਂਕਾਰ ਕਾਰੀ ਅਤੇ ਨੇਕਦੀਪ ਕੁਮਾਰ ਨੇ ਦੱਸਿਆ ਕਿ ਇਸ ਡਰੱਗ ਰੈਕਟ ਦਾ ਕਿੰਗਪਿਨ
ਦੁਬਈ ਤੋਂ ਇਸ ਨੂੰ ਚਲਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਪਿੰਡ ਬੂਟ ਜੋ ਕਿ ਦਿਹਾੜੀਦਾਰ ਗਰੀਬ ਮਿਹਨਤੀ ਲੋਕਾਂ ਦਾ ਪਿੰਡ
ਹੈ, ਪਿਛਲੇ ਕੁਝ ਸਾਲਾਂ ਤੋਂ ਡਰੱਗ ਦਾ ਗੜ ਬਣ ਚੁੱਕਾ ਹੈ ਜਿਥੇ ਦੇ ਅੋਂਕਾਰ ਕਾਰੀ ਵਰਗੇ
ਡਰੱਗ ਮਾਫੀਆ ਨੇ ਡਰੱਗ ਮਨੀ ਨਾਲ ਕਰੋੜਾਂ ਰੁਪਏ ਦੇ ਮਹਿਲ ਉਸਾਰ ਲਏ ਹਨ। ਖਹਿਰਾ ਨੇ
ਕਿਹਾ ਕਿ ਇਸ ਪਿੰਡ ਤੋਂ ਅਜਿਹੇ ਵੱਡੇ ਪੱਧਰ ਦੀ ਡਰੱਗ ਤਸਕਰੀ ਬਿਨਾਂ ਲੋਕਲ
ਐਮ.ਐਲ.ਏ ਦੀ ਸਿਆਸੀ ਸ਼ਹਿ ਦੇ ਮੁਮਕਿਨ ਨਹੀਂ ਹੈ। ਖਹਿਰਾ ਨੇ ਇਲਜਾਮ ਲਗਾਇਆ
ਕਿ ਰੇਤ ਖੁਦਾਈ ਮਾਫੀਆ ਦੇ ਦੋਸ਼ਾਂ ਕਾਰਨ ਪਹਿਲਾਂ ਹੀ ਕੈਬਿਨਟ ਤੋਂ ਬਾਹਰ ਕੱਢਿਆ
ਗਿਆ ਰਾਣਾ ਗੁਰਜੀਤ ਅੋਂਕਾਰ ਕਾਰੀ ਅਤੇ ਨੇਕਦੀਪ ਕੁਮਾਰ ਵਰਗੇ ਡਰੱਗ ਮਾਫੀਆ ਨੂੰ
ਸ਼ਹਿ ਦੇ ਰਿਹਾ ਹੈ ਅਤੇ ਬਚਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਅੋਂਕਾਰ ਕਾਰੀ ਨੇ
ਆਪਣੇ ਕਬੂਲਨਾਮੇ ਵਿੱਚ ਕਿਹਾ ਹੈ ਕਿ ਅੱਧਾ ਪੰਜਾਬ ਉਹਨਾਂ ਦੇ ਸ਼ੇਰ ਬੋਸ ਰਾਣਾ ਗੁਰਜੀਤ
ਸਿੰਘ ਦੀ ਸ਼ਰਾਬ ਵੇਚ ਰਿਹਾ ਹੈ।
ਖਹਿਰਾ ਨੇ ਦਾਅਵਾ ਕੀਤਾ ਕਿ ਮਾਫੀਆ ਰਾਣਾ ਗੁਰਜੀਤ ਸਿੰਘ ਵੱਲੋਂ ਵੱਡੇ ਪੱਧਰ ਉੱਪਰ
ਕੀਤੀ ਜਾ ਰਹੀ ਸ਼ਰਾਬ ਤਸਕਰੀ ਅਤੇ ਐਕਸਾਈਜ ਡਿਊਟੀ ਚੋਰੀ ਦੇ ਉਹਨਾਂ ਦੇ
ਇਲਜਾਮ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਟਰੱਕਾਂ ਦੇ ਟਰੱਕ ਗੈਰਕਾਨੂੰਨੀ ਸ਼ਰਾਬ ਦੀ ਮੁੜ ਮੁੜ
ਕੀਤੀ ਜਾ ਰਹੀ ਰਿਕਵਰੀ ਤੋਂ ਪੁਖਤਾ ਸਾਬਿਤ ਹੁੰਦੇ ਹਨ। ਉਹਨਾਂ ਕਿਹਾ ਕਿ ਮੋਗਾ
ਜਿਮਨੀ ਚੋਣ ਦੋਰਾਨ ਰਾਣਾ ਗੁਰਜੀਤ ਦੀ ਡਿਸਟਲਰੀ ਦੀ ਸ਼ਰਾਬ ਦਾ ਪੂਰਾ ਟਰੱਕ ਜਬਤ ਕੀਤਾ
ਗਿਆ ਸੀ, ਇਸ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਦੋਰਾਨ ਕਪੂਰਥਲਾ ਜਿਲੇ ਦੇ
ਤਲਵੰਡੀ ਚੋਧਰੀਆਂ ਪਿੰਡ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਸੀ।
ਖਹਿਰਾ ਨੇ ਕਿਹਾ ਕਿ ਅਰਵਿੰਦਰ ਭਲਵਾਨ ਦੇ ਕਤਲ ਦਾ ਲਿੰਕ ਵੀ ਮਾਫੀਆ ਰਾਣਾ ਗੁਰਜੀਤ
ਦੀ ਗੈਰਕਾਨੂੰਨੀ ਸ਼ਰਾਬ ਵਿਕਰੀ ਨਾਲ ਜੁੜਦਾ ਹੈ ਕਿਉਂਕਿ ਉਕਤ ਕਾਤਲ ਏ.ਐਸ.ਆਈ
ਪਰਮਜੀਤ ਸਿੰਘ ਕਤਲ ਵਾਲੀ ਰਾਤ ਨੂੰ ਪਿੰਡ ਲੱਖਣ ਕੇ ਪੱਡੇ ਵਿਖੇ ਮਾਫੀਆ ਕਾਂਗਰਸੀ
ਆਗੂ ਦੀ ਸ਼ਰਾਬ ਘਰੋਂ ਘਰੀ ਪਹੁੰਚਾ ਰਿਹਾ ਸੀ।
ਚਿੱਟੇ ਦੇ ਸਮੱਗਲਰਾਂ ਨਾਲ ਸਬੰਧਾਂ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਦੇ ਸ਼ਰਾਬ ਮਾਫੀਆ

ਕੁਲਵਿੰਦਰ ਸਿੰਘ ਉਰਫ ਕਾਲਾ ਕੱਦੋ ਨਾਲ ਵੀ ਡੂੰਘੇ ਸਬੰਧ ਹਨ ਜਿਸ ਦੀ ਕਿ
ਗੈਰਕਾਨੂੰਨੀ ਡਿਸਟਲਰੀ ਦਾ ਹਾਲ ਹੀ ਵਿੱਚ ਖੰਨਾ ਪੁਲਿਸ ਨੇ ਖੁਲਾਸਾ ਕੀਤਾ ਸੀ
(ਫੋਟੋ ਨਾਲ ਨੱਥੀ ਹੈ) ਜੋ ਕਿ ਉਸ ਦੀ ਉਕਤ ਸ਼ਰਾਬ ਮਾਫੀਆ ਨਾਲ ਨੇੜਤਾ ਨੂੰ ਦਰਸਾਉਂਦਾ
ਹੈ।
ਖਹਿਰਾ ਨੇ ਕਿਹਾ ਕਿ ਇਸ ਡਰੱਗ-ਸ਼ਰਾਬ ਤਸਕਰੀ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ
ਸਿਆਸੀ ਪ੍ਰਭਾਵ ਨਾਲ ਆਪਣੀ ਲਉਕੇ (ਤਰਨਤਾਰਨ) ਵਿਚਲੀ ਡਿਸਟਲਰੀ ਤੋਂ ਸ਼ਰੇਆਮ ਸ਼ਰਾਬ ਦੇ
ਟਰੱਕਾਂ ਦੇ ਟਰੱਕ ਤਸਕਰੀ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹਨਾਂ ਸਿਆਸੀ
ਡਿਸਟਲਰੀ ਮਾਲਿਕਾਂ ਕਾਰਨ ਹੀ ਮੋਜੂਦਾ ਵਿੱਤੀ ਵਰੇ ਵਿੱਚ ਪੰਜਾਬ ਨੂੰ  ਐਕਸਾਈਜ
ਵਿੱਚ 2000 ਕਰੋੜ ਰੁਪਏ ਤੋਂ ਵੀ ਜਿਆਦਾ ਘਾਟਾ ਪਿਆ ਹੈ।
ਖਹਿਰਾ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ
ਕਿ ਰਾਣਾ ਗੁਰਜੀਤ ਸਿੰਘ ਵਰਗੇ ਉਹਨਾਂ ਦੀ ਹੀ ਪਾਰਟੀ ਦੇ ਸਾਥੀਆਂ ਵੱਲੋਂ ਸ਼ਰੇਆਮ
ਚਲਾਇਆ ਜਾ ਰਿਹਾ ਸ਼ਰਾਬ ਮਾਫੀਆ ਸੂਬੇ ਨੂੰ ਲੁੱਟ ਰਿਹਾ ਹੈ ਜਦਕਿ ਉਹ ਖੁਦ
ਐਕਸਾਈਜ ਅਤੇ ਕਰ ਮੰਤਰੀ ਹਨ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚੋਂ ਡਰੱਗਸ ਨੂੰ ਖਤਮ
ਕੀਤੇ ਜਾਣ ਦੇ ਝੂਠੇ ਦਾਅਵਿਆਂ ਦੀ ਪੋਲ ਉਹਨਾਂ ਦੀ ਹੀ ਪੁਲਿਸ ਨੇ ਖੋਲ ਕੇ ਰੱਖ
ਦਿੱਤੀ ਹੈ ਜੋ ਕਿ ਰੋਜਾਨਾ 4 ਕਿਊਂਟਲ ਵਰਗੇ ਚਿੱਟੇ ਦੇ ਰੈਕਟਾਂ ਦਾ ਖੁਲਾਸਾ ਕਰ ਰਹੀ
ਹੈ।ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਸਾਡੇ ਨੋਜਵਾਨਾਂ ਦੀਆਂ
ਜਿੰਦਗੀਆਂ ਤਬਾਹ ਕਰ ਰਹੇ ਸ਼ਰਾਬ ਡਰੱਗ ਮਾਫੀਆ ਨਾਲ ਰਾਣਾ ਗੁਰਜੀਤ ਸਿੰਘ ਵਰਗੇ
ਸਿਆਸਤਦਾਨਾਂ ਅਤੇ ਤਾਕਤਵਰ ਅਫਸਰਾਂ ਦੇ ਡੂੰਘੇ ਰਿਸ਼ਤਿਆਂ ਦਾ ਖੁਲਾਸਾ ਕਰਨ ਲਈ ਸਮਾਂ
ਬੱਧ ਸੀ.ਬੀ.ਆਈ ਜਾਂਚ ਕਰਵਾਈ ਜਾਵੇ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਇਹ
ਵੀ ਮੰਗ ਕੀਤੀ ਕਿ ਆਪਣੀ ਡਿਸਟਲਰੀ ਤੋਂ ਵੱਡੇ ਪੱਧਰ ਉੱਪਰ ਐਕਸਾਈਜ ਡਿਊਟੀ
ਚੋਰੀ ਕਰਕੇ ਸਰਕਾਰੀ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਰਾਣਾ ਗੁਰਜੀਤ
ਸਿੰਘ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇ ਅਤੇ ਇਸ ਲੁੱਟ ਦਾ ਪੈਸਾ ਰਿਕਵਰ
ਕੀਤਾ ਜਾਵੇ।   (ਫੋਟੋ ਨਾਲ ਨੱਥੀ )