ਚੰਡੀਗੜ੍ਹ, 21 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਖਣੀ ਦਿੱਲੀਵਚ ਇਸਾਈਆਂ ਦਾ ਚਰਚ ਢਾਹੁਣ ਲਈ ਇਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਅਤੇ ਪਾਰਟੀ ਨੇ ਮੰਗ ਕੀਤੀ ਕਿ ਇਸ ਥਾਂ ’ਤੇ ਚਰਚ ਦੀ ਤੁਰੰਤ ਮੁੜ ਉਸਾਰੀ ਕੀਤੀ ਜਾਵੇ।

ਪਾਰਟੀ ਦੇ ਸੰਸਦ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਨਰੇਸ਼ ਗੁਜਰਾਲ ਦੀ ਸ਼ਮੂਲੀਅਤ ਵਾਲੇ ਉੱਚ ਪੱਧਰੀ ਵਫਦ ਨੇ ਅੱਜ ਚਰਚ ਵਾਲੀ ਥਾਂ ਦਾ ਦੌਰਾ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਵਿੱਤਰ ਥਾਂ ’ਤੇ ਜੀਸਸ ਕ੍ਰਾਈਸਟ ਸਮੇਤ ਹੋਰ ਪਵਿੱਤਰ ਮੂਰਤੀਆਂ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ।

ਇਸ ਵਫਦ ਨੇ ਲਿਟਲ ਫਲਾਵਰ ਚਰਚ ਦੇ ਪਾਦਰੀ ਫਾਕਰ ਜੋਸ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨੁੰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਇਹ ਮਾਮਲਾ ਸੰਸਦ ਵਿਚ ਵੀ ਉਠਾਏਗੀ। ਫਾਦਰ ਜੋਸ ਨੇ ਵਫਦ ਨੁੰ ਦਿੱਲੀ ਸਰਕਾਰ ਵੱਲੋਂ 9 ਜੁਲਾਈ, ਸ਼ੁੱਕਰਵਾਰ ਨੂੰ ਚਰਚ ਦੀ ਕੰਧ ’ਤੇ ਲਾਏ ਪੋਸਟਰ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਦੋ ਦਿਨ ਬਾਅਦ 12 ਜੁਲਾਈ ਸੋਮਵਾਰ ਨੁੰ ਚਰਚ ਢਾਹ ਦਿੱਤਾ ਗਿਆ। ਫਾਦਰ ਜੋਸ ਨੇ ਦੱਸਿਅ ਕਿ ਸਾਨੁੰ ਅਦਾਲਤ ਵਿਚ ਜਾ ਕੇ ਰਾਹਤ ਹਾਸਲ ਕਰਨ ਦਾ ਸਮਾਂ ਜਾਣ ਬੁੱਝ ਕੇ ਨਹੀਂ ਦਿੱਤਾ ਗਿਆ ਤੇ ਦੱਸਿਆ ਕਿ ਜੋ ਨੋਟਿਸ ਦਿੱਤਾ ਗਿਆ ਸੀ, ਉਹ ਮੰਦਿਰ ਨਾਲ ਸਬੰਧਤ ਸੀ ਤੇ ਲਿਟਲ ਫਲਾਵਰ ਚਰਚ ਨਾਲ ਸਬੰਧਤ ਨਹੀਂ ਸੀ।

ਇਸ ਮਾਮਲੇ ’ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀ ਉਸਤਤ ਦੀ ਥਾਂ ਢਾਹੁਣ ਤੋਂ ਪਤਾ ਚਲਦਾ ਹੈ ਕਿ ਕੇਜਰੀਵਾਲ ਸਰਕਾਰ ਘੱਟ ਗਿਣਤੀ ਵਿਰੋਧੀ ਹੈ। ਸ੍ਰੀ ਨਰੇਸ਼ ਗੁਜਰਾਲ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਭਾਜਪਾ ਦੀ ਬੀ ਟੀਮ ਹੈ ਅਤੇ ਉਹਨਾਂ ਨੇ ਚਰਚ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ।

ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਚਰਚ ਦਾ ਰਿਕਾਡਰ ਵੀ ਨਹੀਂ ਵੇਖਿਆ ਗਿਆ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਚਰਚ ਅਧਿਕਾਰੀਆਂ ਨੇ ਚਰਚ ਬਣਾਉਣ ਲਈ ਜ਼ਮੀਨ ਗ੍ਰਾਮ ਸਭ ਤੋਂ ਖਰੀਦੀ ਸੀ। ਉਹਨਾਂ ਕਿਹਾ ਕਿ ਅਜਿਹੀ ਥਾਂ ਨੂੰ ਧੱਕੇ ਨਾਲ ਢਾਹੁਣ ਗਲਤਾ ਹੈ ਤੇ ਉਹਨਾਂ ਨੇ ਇਸਨੂੰ ਸੰਵਿਧਾਨ ਵਿਚ ਦਿੱਤੀ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ।

ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚਰਚ ਢਾਹੁਣਾ ਦੇਸ਼ ਦੀ ਧਰਮ ਨਿਰਪੱਖ ਸੋਚ ਤੇ ਬੁਨਿਆਦ ’ਤੇ ਮਹਲਾ ਹੈ। ਉਹਨਾਂ ਕਿਹਾ ਕਿ ਧਰਮ ਨਿਰਪੱਖਤਾ ਖਤਰੇ ਵਿਚ ਹੈ ਤੇ ਸਾਨੁੰ ਸਭ ਨੂੰ ਰਲ ਕੇ ਇਸਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਥਾਂ ’ਤੇ ਚਰਚ ਦੀ ਮੁੜ ਉਸਾਰੀ ਵਾਸਤੇ ਅਕਾਲੀ ਦਲ ਇਸਾਈ ਭਾਈਚਾਰੇ ਨਾਲ ਰਲ ਕੇ ਸੰਘਰਸ਼ ਕਰੇਗਾ। ਉਹਨਾਂ ਕਿਹਾ ਕਿ ਇਸ ਤੋਂ ਘੱਟ ਕੋਈ ਸਮਝੌਤਾ ਨਹੀਂ ਹੋ ਸਕਦਾ ਤੇ ਉਹਨਾਂ ਨੇ ਇਸਾਈ ਭਾਈਚਾਰੇ ਨੂੰ ਪੂਰਨ ਹਮਾਇਤ ਦਾ ਭਰੋਸਾ ਦੁਆਇਆ।

ਇਹਨਾਂ ਆਗੂਆਂ ਨੇ ਕਿਹਾ ਕਿ ਚਰਚ ਨੂੰ ਢਾਹੁਣ ਨਾਲ ਕੇਜਰੀਵਾਲ ਦੀ ਦੋਗਲੀ ਸ਼ਖਸੀਅਤ ਬੇਨਕਾਬ ਹੋ ਗਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਇਹ ਨੀਤੀ ਪੰਜਾਬ ਵਿਚ ਵੀ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਆਪ ਇਸ ਗੱਲ ਦਾ ਪ੍ਰਚਾਰ ਕਰਦੀ ਹੈ ਕਿ ਉਹ ਪੰਜਾਬ ਦੇ ਭਲੇ ਵਾਸਤੇ ਕੰਮ ਕਰਦੀ ਹੈ ਪਰ ਅਸਲਤ ਵਿਚ ਉਹ ਪੰਜਾਬੀ ਵਿਰੋਧੀ ਏਜੰਡੇ ’ਤੇ ਚਲਦੀ ਹੈ ਤੇ ਦਿੱਲੀ ਤੇ ਹਰਿਆਣਾ ਲਈ ਦਰਿਆਈ ਪਾਣੀਆਂਵਿਚ ਹਿੱਸਾ ਮੰਗਦੀ ਹੈ ਤੇ ਪਰਾਲੀ ਸਾੜਨ ਵਾਲੇ ਪੰਜਾਬੀ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਅਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਹੁਣ ਦਿੱਲੀ ਵਿਚ ਆਪ ਨੇ ਚਰਚ ਢਾਹ ਕੇ ਬਹੁ ਗਿਣਤੀ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ ਹੇ ਜੋ ਇਸ ਗੱਲ ਦਾ ਸਬੂਤ ਹੈ ਕਿ ਆਪ ਗਿਣੇ ਮਿਥੇ ਢੰਗ ਨਾਲ ਘੱਟ ਗਿਣਤੀ ਭਾਈਚਾਰਿਆਂ ਨੁੰ ਹੇਠਾਂ ਲਾਉਣ ਵਿਚ ਵਿਸ਼ਵਾਸ ਰੱਖਦੀ ਹੈ।