ਜਲੰਧਰ 08 ਸਤੰਬਰ 2020
ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਦੋ ਤੇਜ਼ਧਾਰ ਹਥਿਆਰ, ਖਿਡੌਣਾ ਪਿਸਟਲ,ਮੋਟਰਸਾਈਕਲ ਅਤੇ 10,000 ਰੁਪਏ ਦੀ ਨਗ਼ਦੀ ਬਰਾਮਦ ਕੀਤੀ ਗਈ ਹੈ।ਦੋਸ਼ੀਆਂ ਦੀ ਪਹਿਚਾਣ ਸੂਰਜ ਕੁਮਾਰ, ਪਲਵਿੰਦਰ ਸਿੰਘ ਪਿੰਡ ਜਗਪਾਲਪੁਰ ਕਪੂਰਥਲਾ, ਨਗਰ ਪਿੰਡ ਦੇ ਗੁਰੂਕਰਨ ਅਤੇ ਬੰਡਾਲਾ ਤੇ ਘੋੜਾ ਦੇ ਯਾਤਿਨ ਵਜੋਂ ਹੋਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਸੋਮਿਲ ਵਾਸੀ ਕ੍ਰਿਸ਼ਨਾ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਫੈਂਟਨਗੰਜ ਵਿਖੇ ਡਰਾਈ ਫਰੂਟ ਦਾ ਕਾਰੋਬਾਰ ਹੈ ਅਤੇ 13 ਅਗਸਤ ਨੂੰ ਕਰੀਬ 8.15 ਵਜੇ ਜਦੋਂ ਉਹ ਸ਼ਾਸਤਰੀ ਮਾਰਕਿਟ ਵਿਖੇ ਐਸ.ਬੀ.ਆਈ.ਦੇ ਏ.ਟੀ.ਐਮ. ਵਿਖੇ ਪੈਸੇ ਜਮ੍ਹਾਂ ਕਰਵਾ ਰਿਹਾ ਸੀ ਤਾਂ ਅਚਾਨਕ ਕੁਝ ਅਣਪਛਾਤੇ ਲੋਕਾਂ ਵਲੋਂ ਏ.ਟੀ.ਐਮ.ਦੇ ਕਿਊਸਿਕ ਵਿਖੇ ਜਬਰਦਸਤੀ ਵੜ ਕੇ ਉਸ ਦੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ।ਉਨ੍ਹਾਂ ਦੱਸਿਆ ਕਿ ਤਕਨੀਕੀ ਛਾਣਬੀਣ ਦੇ ਅਧਾਰ ’ਤੇ ਨਵੀਂ ਬਾਰਾਂਦਰੀ ਪੁਲਿਸ ਸਟੇਸ਼ਨ ਦੀ ਪੁਲਿਸ ਪਾਰਟੀ ਵਲੋਂ ਦਕੋਹਾ ਰੇਲਵੇ ਫਾਟਕ ਨੇੜੇ ਇਕ ਜਾਲ ਵਿਛਾ ਕੇ ਚਾਰ ਦੋਸ਼ੀਆਂ ਨੂੰ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਸਥਾਨਿਕ ਅਦਾਲਤ ਵਿੱਚ ਪੇਸ਼ ਕਰਕੇ ਹੋਰ ਅਪਰਾਧਿਕ ਘਟਨਾਵਾਂ ਬਾਰੇ ਪੁਛਗਿੱਛ ਲਈ ਰਿਹਾਸਤ ਵਿੱਚ ਲਿਆ ਜਾਵੇਗਾ।ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਧਾਰਾ ਆਈ.ਪੀ.ਸੀ. ਦੀ 324, 378-ਬੀ, 148, 149, 120-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।