ਫਗਵਾੜਾ 8 ਮਈ (ਸ਼ਿਵ ਕੋੜਾ) ਬੀਤੇ ਦਿਨੀਂ ਸਬਜ਼ੀ ਵੇਂਡਰ ਦੀ ਰੇਹੜੀ ਉੱਤੇ ਪਈ ਟੋਕਰੀ ਨੂੰ ਲੱਤ ਮਾਰਨ ਦੇ ਮਾਮਲੇ ਵਿਚ ਸਸਪੈਂਡ ਕੀਤੇ ਇੰਸਪੈਕਟਰ ਨਵਦੀਪ ਸਿੰਘ ਦੇ ਮਾਮਲੇ ਵਿਚ ਫਗਵਾੜਾ ਕਾਂਗਰਸ ਦੇ ਸੀਨੀਅਰ ਨੇਤਾਵਾਂ ਅਤੇ ਸਾਬਕਾ ਕੌਂਸਲਰਾਂ ਨੇ ਇੱਕ ਮੀਟਿੰਗ ਕਰ ਕੇ ਨਵਦੀਪ ਸਿੰਘ ਮਾਮਲੇ ਵਿਚ ਇੱਕਤਰਫ਼ਾ ਕਾਰਵਾਈ ਦੀ ਨਿੰਦਾ ਕੀਤੀ ਅਤੇ ਨਾਲ ਹੀ ਮੰਗ ਕੀਤੀ ਕਿ ਨਵਦੀਪ  ਸਿੰਘ ਇੱਕ ਜਾਬਾਜ਼ ਅਤੇ ਇਮਾਨਦਾਰ ਅਧਿਕਾਰੀ ਹਨ, ਇਹ ਠੀਕ ਹੈ ਕਿ ਡਿਊਟੀ ਤੇ ਦਬਾਅ ਹੇਠ ਅਤੇ ਤੈਸ਼ ਵਿੱਚ ਆਕੇ ਮਾਮੂਲੀ ਗ਼ਲਤੀ ਹੋ ਗਈ ਸੀ।
ਫਗਵਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ ਅਤੇ ਸੀਨੀਅਰ ਨੇਤਾ ਵਿਨੋਦ ਵਰਮਾਨੀ ਨੇ ਕਿਹਾ ਕਿ ਸਾਰੇ ਮਾਮਲੇ ਵਿਚ ਨਵਦੀਪ ਸਿੰਘ ਦਾ ਪੱਖ ਸੁਣਿਆ ਜਾਣਾ ਲਾਜ਼ਮੀ ਹੈ ਅਤੇ ਨਿਆਂ ਦੀ ਮੰਗ ਵੀ ਹੈ। ਉਨਾਂ ਕਿਹਾ ਕਿ ਨਵਦੀਪ ਸਿੰਘ ਨੇ ਕੋਰੋਨਾ ਸਮੇਂ ਦੌਰਾਨ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸ਼ਹਿਰ ਦੇ ਅੰਦਰ ਲੋਕਾਂ ਦੀ ਪੂਰੀ ਤਨ-ਦੇਹੀ ਨਾਲ ਸੇਵਾ ਕੀਤੀ। ਉਣਾਂ ਨੂੰ ਪਿਛਲੇ ਸਮੇਂ ਦੇ ਵਧੀਆ ਰਿਕਾਰਡ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਅਤੇ ਡੀਜੀਪੀ (ਤਤਕਾਲੀਨ) ਸੁਰੇਸ਼ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਜਿੱਲਾ ਦੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਐਸ.ਐਸ.ਪੀ. ਕੰਵਰਦੀਪ ਕੌਰ  ਨੇ ਦੌਰਾ ਕਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਸਨ ਅਤੇ ਇਸੇ ਜਗਾ ਸੈਪਲਿੰਗ ਤੋਂ ਬਾਅਦ ਕੁੱਝ ਲੋਕ ਪਾਜਿਟਿਵ ਪਾਏ ਗਏ ਸਨ, ਜਿੰਨਾ ਨੂੰ ਉੱਥੋਂ ਹਟਾਏ ਜਾਣ ਲਈ ਨਿਰਦੇਸ਼  ਦਿੱਤੇ ਗਏ ਸੀ। ਪਰ ਜਦੋਂ ਉੱਥੇ ਪੁਲਿਸ ਜਾਂਦੀ, ਤਾਂ ਇਹ ਲੋਕ ਰੇਹੜੀ ਛੱਡ ਕੇ ਭੱਜ ਜਾਂਦੇ। ਉਸੇ ਦਿਨ ਵੀ ਇਸ ਤਰਾਂ ਹੋਇਆ ਕਿ ਪੁਲਿਸ ਗਈ ਤਾਂ ਰੇਹੜੀਆਂ ਵਾਲੇ ਰੇਹੜੀ ਛੱਡ ਕੇ ਭੱਜ ਗਏ,ਜਿੰਨਾ ਵਿਚ ਇਹ ਰੇਹੜੀ ਵਾਲਾ ਵੀ ਸ਼ਾਮਲ ਸੀ। ਨਵਦੀਪ ਸਿੰਘ ਨੂੰ ਲੱਗਾ ਕਿ ਹੋ ਸਕਦਾ ਹੈ ਕਿ ਇਹ ਵੀ ਕੋਰੋਨਾ ਪ੍ਰਭਾਵਿਤ ਹੋਵੇ, ਜੋ ਪੁਲਿਸ ਨੂੰ ਵੇਖ ਕੇ ਭੱਜ ਰਿਹਾ ਹੈ। ਇੱਕ ਦੋ ਵਾਰ ਚੈੱਕ ਕਰਨ ਤੇ ਜਦੋਂ ਉਹ ਨਹੀਂ ਮਿਲਿਆ ਤਾਂ ਤੈਸ਼ ਵਿਚ ਆਏ ਨਵਦੀਪ ਸਿੰਘ ਕੋਲੋਂ  ਗ਼ਲਤੀ ਹੋ ਗਈ ਜੋ ਨਹੀਂ ਹੋਣੀ ਚਾਹੀਦੀ ਸੀ। ਪਰ ਇਸ ਨਾਲ ਉਸ ਦੀ ਸ਼ਹਿਰ ਵਾਸੀਆਂ ਲਈ ਕੀਤੀ ਸੇਵਾ ਅਤੇ ਡਿਊਟੀ ਖ਼ਤਮ ਨਹੀਂ ਹੋ ਗਈ। ਉਨਾਂ  ਕਿਹਾ ਕਿ ਕਾਂਗਰਸ ਸਰਕਾਰ ਵਿਚ ਬੈਠੇ ਕੁੱਝ ਲੋਕ ਸਿਆਸੀ ਕਾਰਨਾਂ ਕਰ ਕੇ ਨਵਦੀਪ ਸਿੰਘ ਤੇ ਗ਼ਲਤ ਤੋਹਮਤਬਾਜੀ ਕਰ ਆਪਣਾ ਉੱਲੂ ਸਿੱਧਾ ਕਰ ਰਹੇ ਹਨ,ਜੋ ਬਿਲਕੁਲ ਗ਼ਲਤ ਹੈ ਅਤੇ ਸਚਾਈ ਤੋਂ ਪਰੇ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰਨ। ਇਸ ਮੌਕੇ ਸੀਨੀਅਰ ਕਾਂਗਰਸੀ  ਨੇਤਾ ਸੁਸ਼ੀਲ ਮੈਣੀ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਨਵਦੀਪ ਸਿੰਘ ਦੀ ਇਮਾਨਦਾਰੀ ਤੇ ਡਿਊਟੀ ਪ੍ਰਤੀ ਗੰਭੀਰਤਾ ‘ਤੇ ਕੋਈ ਸਵਾਲ ਨਹੀਂ ਕਰ ਸਕਦਾ। ਬਿਨਾਂ ਕਿਸੇ ਸਬੂਤ ਕਿਸੇ ਤੇ ਵੀ ਤੋਹਮਤਬਾਜੀ ਕਰਨਾ ਗ਼ਲਤ ਹੈ। ਉਸ ਨੇ ਸ਼ਹਿਰ ਅੰਦਰ  ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਸਖਤ ਮਿਹਨਤ ਕੀਤੀ ਸੀ। ਨਵਦੀਪ ਸਿੰਘ ਦਾ ਪੱਖ ਜਾਣੇ ਬਿਨਾਂ ਇੱਕ ਪਾਸੜ ਕਾਰਵਾਈ ਨਿੰਦਣਯੋਗ ਹੈ। ਇਸ ਤਰਾਂ ਨਹੀਂ ਹੋਣਾ ਚਾਹੀਦਾ। ਸਾਬਕਾ ਕੌਂਸਲਰ ਰਾਮ ਪਾਲ ਉਪੱਲ, ਮਨੀਸ਼ ਪ੍ਰਭਾਕਰ, ਜਤਿੰਦਰ ਵਰਮਾਨੀ,ਅਮਰਜੀਤ ਸਿੰਘ,ਰਵੀ ਸੰਧੂ,ਤਰਨਜੀਤ ਵਾਲੀਆ , ਕਾਂਗਰਸੀ ਨੇਤਾ ਅਵਿਨਾਸ਼ ਗੁਪਤਾ, ਸੁਖਪਾਲ ਚਾਚੋਕੀ, ਸ਼ਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਕਿਸੇ ਨਿਰਪੱਖ ਅਧਿਕਾਰੀ ਕੌਲੋਂ ਮਾਮਲੇ ਦੀ ਜਾਂਚ ਕਰਵਾਉਣ ਅਤੇ ਨਵਦੀਪ ਸਿੰਘ ਨੂੰ ਨਿਆਂ ਦਿੱਤਾ ਜਾਵੇ ਤਾਂ ਜੋ ਫਿਰ ਸ਼ਹਿਰ ਦੀ ਸੇਵਾ ਕਰ ਸਕਣ। ਇਸ ਮੌਕੇ ਕੈਲਾਸ਼ ਸ਼ਰਮਾ,ਬਬੂ ਅਰਬਨ ਐਸਟੇਟ ਮੌ ਜੂਦ ਸਨ।