ਸੋਨੀਪਤ: ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਆਗੂ ਅਤੇ ਸਵੈ ਸੇਵੀ ਨੌਦੀਪ ਕੌਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਇਕ ਹੋਰ ਇਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਨੌਦੀਪ ਕੌਰ ਨੂੰ ਉਸ ਖਿਲਾਫ਼ ਦਰਜ ਤਿੰਨ ਮਾਮਲਿਆਂ ਵਿੱਚੋਂ 2 ਵਿੱਚ ਜ਼ਮਾਨਤ ਮਿਲ ਗਈ ਹੈ ਪਰ ਅਜੇ ਉਸਦੀ ਰਿਹਾਈ ਸੰਭਵ ਨਹੀਂ ਹੈ ਕਿਉਂਕਿ ਉਸ ਖਿਲਾਫ਼ ਧਾਰਾ 307 ਤਹਿਤ ਹੋਰ ਗੰਭੀਰ ਧਾਰਾਵਾਂ ਵਾਲੇ ਤੀਜੇ ਮਾਮਲੇ ਵਿੱਚ ਸੁਣਵਾਈ ਅਜੇ ਹਾਈਕੋਰਟ ਵਿੱਚ ਹੋਣੀ ਬਾਕੀ ਹੈ।ਇਸ ਸੰਬੰਧੀ ਜਾਣਕਾਰੀ ਦਿੰÎਦਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਸੰਬਰ 2020 ਵਿੱਚ ਉਸ ਖਿਲਾਫ਼ ਦਰਜ ਹੋਏ ਇਕ ਮਾਮਲੇ ਵਿੱਚ ਨੌਦੀਪ ਕੌਰ ਨੂੰ ਪਿਛਲੇ ਦਿਨੀਂ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਅਤੇ ਅੱਜ, ਸੋਮਵਾਰ ਨੂੰ ਉਸ ਖਿਲਾਫ਼ ਦਰਜ ਐਫ.ਆਈ.ਆਰ.ਨੰਬਰ 26/2021 ਵਿੱਚ ਵੀ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਹਾਂ ਕੇਸਾਂ ਵਿੱਚ ਵਕੀਲ ਸ੍ਰੀ ਜਤਿੰਦਰ ਕਾਲਾ ਨੌਦੀਪ ਕੌਰ ਦੀ ਜ਼ਮਾਨਤ ਲਈ ਚਾਰਾਜੋਈ ਕਰ ਰਹੇ ਸਨ ਅਤੇ ਦੋਵੇਂ ਜ਼ਮਾਨਤਾਂ ਪ੍ਰਵਾਨ ਕਰ ਲਈਆਂ ਗਈਆਂ ਹਨ।ਜ਼ਿਕਰਯੋਗ ਹੈ ਕਿ ਇਹ ਮਾਮਲੇ ਕੁੰਡਲੀ ਇੰਡਸਟਰੀਅਲ ਏਰੀਆ ਵਿੱਚ ਇਕ ਫ਼ੈਕਟਰੀ ਦੇ ਘੇਰਾਓ ਨਾਲ ਸੰਬੰਧਤ ਸਨ ਜਿਸ ਵਿੱਚ ਮਜ਼ਦੂਰ ਅਧਿਕਾਰ ਸੰਗਠਨ ਦੀ ਅਗਵਾਈ ਹੇਠ ਮਜ਼ਦੂਰਾਂ ਦੇ ਹੱਕਾਂ ਲਈ ਮੁਜ਼ਾਹਰਾ ਕਰ ਰਹੇ ਕਾਰਕੁੰਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਨੌਦੀਪ ਕੌਰ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਨੌਦੀਪ ਕੌਰ ਨੇ ਉਸਦੀ ਗ੍ਰਿਫ਼ਤਾਰੀ ਮਗਰੋਂ ਉਸ ਨਾਲ ਪੁਲਿਸ ਵਧੀਕੀਆਂ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੀ ਆਈ ਹੈ। ਨੌਦੀਪ ਕੌਰ ਖਿਲਾਫ਼ ਤੀਜਾ ਕੇਸ ਐਫ.ਆਈ.ਆਰ.ਨੰਬਰ 25 ਹੈ ਜਿਸ ਵਿੱਚ ਉਸਦੀ ਜ਼ਮਾਨਤ ਦੀ ਅਰਜ਼ੀ ਪਹਿਲਾਂ ਹੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਿਜ ਕੀਤੀ ਗਈ ਹੈ। ਇਹ ਸਭ ਤੋਂ ਗੰਭੀਰ ਮਾਮਲਾ ਹੈ ਜਿਸ ਵਿੱਚ ਇਕ ਫ਼ੈਕਟਰੀ ਮਾਲਕ ਦੇ ਘਰ ਦੇ ਬਾਹਰ ਦਿੱਤੇ ਜਾ ਰਹੇ ਧਰਨੇ ਵਿੱਚ 12 ਜਨਵਰੀ ਨੂੰ ਹੋਈਆਂ ਘਟਨਾਵਾਂ ਮਗਰੋਂ ਨੌਦੀਪ ਕੌਰ ਦੇ ਖਿਲਾਫ਼ ਧਾਰਾ 307 ਤਹਿਤ ਮਾਮਲਾ ਦਰਜ ਹੈ।ਇਸ ਮਾਮਲੇ ਦੇ ਸੰਬੰਧ ਵਿੱਚ ਸੀਨੀਅਰ ਐਡਵੋਕੇਟ ਸ: ਆਰ.ਐਸ. ਚੀਮਾ ਅਤੇ ਸ: ਰਾਜਵਿੰਦਰ ਸਿੰਘ ਬੈਂਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ: ਸਿਰਸਾ ਨੇ ਦੱਸਿਆ ਕਿ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਮੰਗਲਵਾਰ ਜਾਂ ਬੁੱਧਵਾਰ ਨੂੰ ਹੋ ਸਕਦੀ ਹੈ ਅਤੇ ਇਹ ਜ਼ਮਾਨਤ ਹੋ ਜਾਂਦੀ ਹੈ ਤਾਂ ਨੌਦੀਪ ਕੌਰ ਨੂੰ ਕਰਨਾਲ ਜੇਲ੍ਹ ਤੋਂ ਰਿਹਾਅ ਕਰਵਾਉਣ ਦਾ ਰਾਹ ਪੱਧਰਾ ਹੋ ਜਾਵੇਗਾ।