ਫਗਵਾੜਾ 12 ਜੁਲਾਈ (ਸ਼ਿਵ ਕੋੜਾ) ਇੰਨਸਾਫ ਦੀ ਆਵਾਜ਼ ਜੱਥੇਬੰਦੀ ਵਲੋਂ ਅੱਜ ਪਰਲ ਕੰਪਨੀ ਦੇ ਪ੍ਰਬੰਧਕਾਂ ਤੋਂ ਨਿਵੇਸ਼ਕਾਂ ਦਾ ਡੁੱਬਿਆ ਪੈਸਾ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮੰਗ ਪੱਤਰ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਨੂੰ ਦਿੱਤਾ ਗਿਆ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਨੰਗਲ ਵੀ ਨਿਵੇਸ਼ਕਾਂ ਦੇ ਹੱਕ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਪਰਲ ਦੇ ਨਿਵੇਸ਼ਕਾਂ ਨਾਲ ਕੀਤਾ ਸੀ, ਉਸਨੂੰ ਪੂਰਾ ਕਰਵਾਉਣਾ ਚਾਹੀਦਾ ਹੈ। ਕਿਉਂਕਿ ਗਰੀਬ ਲੋਕਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਕੰਪਨੀ ਵਿਚ ਲਗਾਈ ਸੀ। ਲੋਕਾਂ ਦੀ ਹੱਕ ਹਲਾਲ ਦੀ ਕਮਾਈ ਵਾਪਸੀ ਕਰਵਾਉਣਾ ਸਰਕਾਰ ਦਾ ਮੁਢਲਾ ਫਰਜ਼ ਹੈ। ਇੰਨਸਾਫ ਦੀ ਆਵਾਜ਼ ਜੱਥੇਬੰਦੀ ਦੇ ਹਲਕਾ ਵਿਧਾਨਸਭਾ ਫਗਵਾੜਾ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਦੁੱਗਾਂ ਨੇ ਦੱਸਿਆ ਕਿ ਪਰਲ ਕੰਪਨੀ ਨੂੰ ਸਾਲ 2002 ਤੋਂ 2007 ਵਿਚ ਉਸ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਮੋਹਾਲੀ, ਬਨੂੜ ਤੇ ਚੰਡੀਗੜ੍ਹ ਆਦਿ ‘ਚ 582 ਕਰੋੜ ਰੁਪਏ ਦੇ ਮੈਗਾ ਪ੍ਰੋਜੈਕਟ ਦੇ ਕੇ ਸੂਬੇ ‘ਚ ਪ੍ਰਮੋਟ ਕੀਤਾ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ 22 ਅਗਸਤ 2014 ਨੂੰ ਸੇਬੀ ਤੇ ਈਡੀ ਰਾਹੀਂ ਕੰਪਨੀ ਨੂੰ ਬੰਦ ਕਰ ਦਿੱਤਾ ਜਦਕਿ ਦੇਸ਼ ਭਰ ਦੇ 5 ਕਰੋੜ 85 ਲੱਖ ਨਿਵੇਸ਼ਕਾਂ ਦੇ 49 ਹਜਾਰ 100 ਕਰੋੜ ਰੁਪਏ ਕੰਪਨੀ ਕੋਲ ਸਨ ਜਿਸਦਾ ਕੇਂਦਰ ਸਰਕਾਰ ਨੇ ਕੋਈ ਹਲ ਨਹੀਂ ਕੀਤਾ। ਇੰਨਸਾਫ ਦੀ ਆਵਾਜ਼ ਜੱਥੇਬੰਦੀ ਨੇ ਸੰਘਰਸ਼ ਕੀਤਾ ਅਤੇ ਮਾਣਯੋਗ ਸੁਪਰੀਮ ਕੋਰਟ ਵਿਚ ਵੀ ਰਿਟ ਪਟੀਸ਼ਨ ਲਗਾਈ। ਜਿਸ ਤੋਂ ਬਾਅਦ 2 ਫਰਵਰੀ 2016 ਨੂੰ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਦਿੱਤਾ ਕਿ ਪਰਲਜ਼ ਕੰਪਨੀ ਦੀ ਜਾਇਦਾਦ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣ। ਜਿਸ ਲਈ ਰਿਟਾ. ਚੀਫ ਜਸਟਿਸ ਆਰ.ਐਮ. ਲੋਢਾ ਕਮੇਟੀ ਦਾ ਗਠਨ ਹੋਇਆ। ਕਮੇਟੀ ਨੂੰ ਕੰਪਨੀ ਦੀ ਜਾਇਦਾਦ ਵੇਚ ਕੇ ਵਿਆਜ ਸਮੇਤ ਲੋਕਾਂ ਦੇ ਪੈਸੇ ਵਾਪਸ ਕਰਨ ਦਾ ਅਧਿਕਾਰ ਦਿੱਤਾ ਗਿਆ। ਪਰਲਜ਼ ਕੰਪਨੀ ਦੀਆਂ ਸਾਰੀਆਂ ਚਲ-ਅਚਲ ਜਾਇਦਾਦਾਂ ਅਟੈਚ ਵੀ ਕੀਤੀਆਂ ਗਈਆਂ। ਬਾਵਜੂਦ ਇਸ ਦੇ ਹੁਣ ਤਕ ਲੋਕਾਂ ਦਾ ਨਿਵੇਸ਼ ਕੀਤਾ ਪੈਸਾ ਵਾਪਸ ਨਹੀਂ ਮਿਲਿਆ ਹੈ। ਇਸ ਕੰਪਨੀ ਵਿਚ ਪੰਜਾਬ ਦੇ 25 ਲੱਖ ਲੋਕਾਂ ਦੇ 10 ਹਜਾਰ ਕਰੋੜ ਰੁਪਏ ਡੁੱਬੇ ਹੋਏ ਹਨ। ਹੁਣ ਕੈਪਟਨ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਲੇਕਿਨ ਨਿਵੇਸ਼ਕਾਂ ਨਾਲ ਕੀਤਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਨਿਭਾਇਆ ਜਿਸ ਨੂੰ ਲੈ ਕੇ ਨਿਵੇਸ਼ਕਾਂ ਵਿਚ ਭਾਰੀ ਰੋਸ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਨਿਵੇਸ਼ਕਾਂ ਵਲੋਂ ਕੰਪਨੀ ਦੇ ਏਜੰਟਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਵਜ੍ਹਾ ਨਾਲ ਏਜੰਟਾਂ ਦੇ ਪਰਿਵਾਰ ਭਾਰੀ ਮਾਨਸਿਕ ਤਨਾਅ ਵਿਚੋਂ ਗੁਜਰ ਰਹੇ ਹਨ। ਏਜੰਟਾਂ ਨੂੰ ਥਾਣੇ ਕੋਰਟ ਕਚਿਹਰੀਆਂ ਅਤੇ ਪੰਚਾਇਤਾਂ ਵਿਚ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਏਜੰਟਾਂ ਦਾ ਇਸ ਵਿਚ ਕੋਈ ਕਸੂਰ ਨਹੀਂ ਹੈ। ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਮਾਨਤਾ ਮਿਲਣ ਤੋਂ ਬਾਅਦ ਹੀ ਪਰਲਜ਼ ਕੰਪਨੀ ਵਿਚ ਏਜੰਟਾਂ ਨੇ ਆਮ ਲੋਕਾਂ ਦਾ ਨਿਵੇਸ਼ ਕਰਵਾਇਆ ਸੀ। ਕਈ ਏਜੰਟ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਹੋ ਚੁੱਕੇ ਹਨ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਕੈਪਟਨ ਸਰਕਾਰ ਨੇ ਸਮਾਂ ਰਹਿੰਦੇ ਨਿਵੇਸ਼ਕਾਂ ਨਾਲ ਕੀਤਾ ਵਾਅਦਾ ਨਾ ਨਿਭਾਇਆ ਤਾਂ ਆਉਂਦੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਯੋਗਰਾਜ ਸਿੰਘ ਰਿਹਾਣਾ ਜੱਟਾਂ, ਲਖਵੀਰ ਦੁੱਗਾ, ਕੁਲਵੀਰ ਸਿੰਘ ਬਿਮਲਾ ਦੇਵੀ ਚੱਕ ਹਕੀਮ, ਪ੍ਰਸਿੰਨ ਕੌਰ, ਨਰੇਸ਼, ਸਾਬੀ, ਸੰਦੀਪ, ਨੀਲਮ, ਕਾਂਤਾ, ਬਲਵੀਰ ਕੌਰ, ਸੰਤੋਸ਼, ਓਮ ਪ੍ਰਕਾਸ਼, ਡਾ. ਕੁਲਵਿੰਦਰ, ਵਿਪਨ ਕੁਮਾਰ, ਨੀਨਾ, ਸੁਖਦੇਵ ਕੌਰ ਆਦਿ ਹਾਜਰ ਸਨ।