ਫਗਵਾੜਾ, 06 ਫਰਵਰੀ (ਸ਼ਿਵ ਕੋੜਾ) ਇਤਿਹਾਸਕ ਨਗਰ ਪਲਾਹੀ ਦੇ ਸਰਕਾਰੀ ਮਿਡਲ ਸਕੂਲ ਵਿਖੇ ਐਨ.ਆਰ.ਆਈ. ਮੰਗਾ ਸਿੰਘ ਸੱਲ ਨੇ ਸਕੂਲ ਦੇ 23 ਵਿੱਦਿਆਰਥੀਆਂ ਅਤੇ ਵਿੱਦਿਆਰਥਣਾਂ ਨੂੰ ਵਰਦੀਆਂ, ਜਿਸ ਵਿੱਚ ਕੱਪੜੇ, ਬੂਟ, ਸਵੈਟਰ ਆਦਿ ਸ਼ਾਮਲ ਸਨ, ਦੀ ਵੰਡ ਕੀਤੀ। ਇਸ ਸਮੇਂ ਬੋਲਦਿਆਂ ਸਰਪੰਚ ਰਣਜੀਤ ਕੌਰ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਲਈ ਪਿੰਡ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਜ਼ੁੰਮੇਵਾਰ ਹੈ ਅਤੇ ਹਰ ਸਹੂਲਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ। ਪਿੰਡ ਦੇ ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਨੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਨ ਦਾ ਸੱਦਾ ਦਿੱਤਾ ਅਤੇ ਇਸ ਗੱਲ ‘ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਸਕੂਲ ਵਿੱਚ ਵਿੱਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਗਾ ਸਿੰਘ ਸੱਲ ਨੇ ਵਰਦੀਆਂ ਲਈ ਗਿਆਰਾਂ ਹਜ਼ਾਰ ਰੁਪਏ ਅਤੇ ਪਿੰਡ ਪੰਚਾਇਤ ਦੇ ਸਾਂਝੇ ਕੰਮਾਂ ਲਈ ਵੀ ਗਿਆਰਾਂ ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਸਕੂਲ ਦੇ ਕੰਪਿਊਟਰ ਰੂਮ ਲਈ ਕੁਰਸੀਆਂ ਖਰੀਦਣ ਵਾਸਤੇ ਹਰਮੇਲ ਸਿੰਘ ਗਿੱਲ, ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ, ਬੀਬੀ ਰਣਜੀਤ ਕੌਰ ਅਤੇ ਰਵਿੰਦਰ ਸਿੰਘ ਸੱਗੂ ਨੇ ਦੋ-ਦੋ ਹਜ਼ਾਰ ਰੁਪਏ ਦਾ ਵਿੱਤੀ ਸਹਿਯੋਗ ਦਿੱਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ ਚੇਅਰਮੈਨ ਪ੍ਰਾਇਮਰੀ ਸਕੂਲ, ਪ੍ਰਬੰਧਕ ਕਮੇਟੀ, ਰਵੀ ਪਾਲ ਪੰਚ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ, ਬਲਵਿੰਦਰ ਕੌਰ ਪੰਚ, ਸਤਵਿੰਦਰ ਕੌਰ ਪੰਚ, ਗੁਰਨਾਮ ਸਿੰਘ ਸੱਲ, ਕੁਲਵੰਤ ਸਿੰਘ ਨੰਬਰਦਾਰ, ਜਸਵੀਰ ਸਿੰਘ ਬਸਰਾ, ਬਿੰਦਰ ਫੁੱਲ, ਜਸਵਿੰਦਰ ਪਾਲ ਸਾਬਕਾ ਪੰਚ, ਰਣਜੀਤ ਸਿੰਘ ਮੈਨੇਜਰ, ਸੋਹਨ ਲਾਲ, ਸਤਨਾਮ ਕੌਰ, ਜੱਸੀ ਸੱਲ, ਸਕੂਲ ਸਟਾਫ਼ ਅਤੇ ਵਿੱਦਿਆਰਥੀ ਹਾਜ਼ਰ ਸਨ। ਇਸ ਮੌਕੇ ਪੰਚਾਇਤ ਵਲੋਂ ਮੰਗਾ ਸਿੰਘ ਸੱਲ ਦਾ ਸਨਮਾਨ ਵੀ ਕੀਤਾ ਗਿਆ।