ਫਗਵਾੜਾ, 1 ਫਰਵਰੀ (ਸ਼ਿਵ ਕੋੜਾ) ਇਤਿਹਾਸਕ ਪਿੰਡ ਪਲਹੀ ਦੀ ਪੰਚਾਇਤ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਕੇ ਮੰਗ ਕੀਤੀ ਹੈ ਕਿ ਪਿੰਡ ਪਲਾਹੀ ਵਿਖੇ ਘਰਾਂ ਵਿਚੋਂ ਨਿਕਲੇ ਪਾਣੀ ਨੂੰ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਲਗਾਇਆ ਜਾਏ ਤਾਂ ਕਿ ਇਸ ਪਾਣੀ ਦੀ ਵਰਤੋਂ ਖੇਤਾਂ ਦੀ ਸਿੰਚਾਈ ਲਈ ਕੀਤੀ ਜਾ ਸਕੇ। ਇਸ ਚਿੱਠੀ ਦੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਰਣਜੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਪਹਿਲਾਂ ਹੀ ਅੰਡਰਗਰਾਊਂਡ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਦੇ ਨਿਕਾਸ ਲਈ ਲਗਭਗ ਸਾਰੇ ਪਿੰਡ ‘ਚ ਪਾਈਪ ਪਾਏ ਗਏ ਹਨ ਅਤੇ ਰਹਿੰਦੇ ਪਾਈਪ ਪਾਏ ਜਾ ਰਹੇ ਹਨ ਪਰ ਪਾਣੀ ਨੂੰ ਟਰੀਟ ਕਰਨ ਦਾ ਪ੍ਰਬੰਧ ਨਹੀਂ ਹੈ, ਜਿਸ ਨਾਲ ਪਾਣੀ ਵਿਅਰਥ ਜਾਂਦਾ ਹੈ,ਜਿਸਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ। ਪਿੰਡ ਦੀ ਸਰਪੰਚ ਰਣਜੀਤ ਕੌਰ, ਸਾਬਕਾ ਸਰਪੰਚ ਦਰਬਾਰਾ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਅਤੇ ਮੈਂਬਰ ਪੰਚਾਇਤ ਮਨੋਹਰ ਸਿੰਘ ਸੱਗੂ, ਰਵੀਪਾਲ, ਮਦਨ ਲਾਲ, ਸਤਵਿੰਦਰ ਕੌਰ, ਬਲਵਿੰਦਰ ਕੌਰ, ਰਾਮ ਪਾਲ ਵਲੋਂ ਇਲਾਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਪਿੰਡ ਦੇ ਇਸ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ ਉਤੇ ਪੂਰਾ ਕਰਨ ਲਈ ਮੁੱਖ ਮੰਤਰੀ ਜੀ ਤੋਂ ਗ੍ਰਾਂਟ ਮਨਜ਼ੂਰ ਕਰਵਾਈ ਜਾਵੇ।