ਫਗਵਾੜਾ 13 ਅਪ੍ਰੈਲ (ਸ਼ਿਵ ਕੋੜਾ) ਗੁਰੂ ਅਸਥਾਨ ਮੀਰੀ ਪੀਰੀ ਅਕਾਲ ਦਰਬਾਰ (ਗੁਰਮਤਿ ਵਿਦਿਆਲਾ) ਪਿੰਡ ਡੁਮੇਲੀ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਅਤੇ ਅੱਜ ਆਖਰੀ ਦਿਨ ਸਵੇਰੇ ਪਾਠ ਦੇ ਭੋਗ ਉਪਰੰਤ ਮੁੱਖ ਸੰਚਾਲਕ ਸੰਤ ਬਾਬਾ ਬਲਵਿੰਦਰ ਸਿੰਘ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਉਹਨਾਂ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੰਦਿਆਂ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਸਮਾਗਮ ਦੌਰਾਨ ਗੁਰੂ ਘਰ ਕਾ ਲੰਗਰ ਅਤੁਟ ਵਰਤਿਆ ਗਿਆ। ਇਸ ਮੌਕੇ ਬਾਬਾ ਅਰਜਨ ਸਿੰਘ, ਡਾ. ਗੁਰਦਿਆਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ, ਮੱਖਣ ਸਿੰਘ, ਮੱਘਰ ਸਿੰਘ, ਪਰਮਿੰਦਰ ਸਿੰਘ ਸਰਪੰਚ ਮੂਸਾਪੁਰ, ਮਨਜੀਤ ਸਿੰਘ ਡੁਮੇਲੀ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।