ਜਲੰਧਰ :ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਿਲੌਰ ਸਬ ਡਵੀਜ਼ਨ ਦੇ ਪਿੰਡ ਵਿਰਕ ਵਿੱਚ ਕੋਰੋਨਾ ਵਾਇਰਸ ਦੇ 3 ਮਰੀਜ ਪਾਜੀਟਿਵ ਮਿਲਣ ਉਪਰੰਤ ਸ਼ੱਕੀ ਮਰੀਜਾਂ ਦੀ ਪਹਿਚਾਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਉਪ ਮੰਡਲ ਮੈਜਿਸਟਰੇਟ ਵਿਨੀਤ ਕੁਮਾਰ ਅਤੇ ਡੀ.ਐਸ.ਪੀ. ਦਵਿੰਦਰ ਅੱਤਰੀ ਦੀ ਦੇਖਰੇਖ ਵਿੱਚ 20 ਟੀਮਾਂ ਵਲੋਂ ਸ਼ੱਕੀ ਮਰੀਜ਼ਾਂ ਦੀ ਘਰ-ਘਰ ਜਾ ਕੇ ਸਰਵੇ ਕਰਕੇ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਵਲੋਂ ਉਨਾਂ ਲੋਕਾਂ ਦੀ ਵੀ ਪਹਿਚਾਣ ਕੀਤੇ ਜਾ ਰਹੀ ਹੈ ਜੋ ਪਿਛਲੇ ਦਿਨਾਂ ਦੌਰਾਨ ਇਨਾਂ 3 ਮਰੀਜ਼ਾਂ ਦੇ ਸੰਪਰਕ ਵਿੱਚ ਆਏ ਸਨ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਅਗੋਂ ਫੈਲਣ ਤੋਂ ਰੋਕਣ ਲਈ ਸਮੁੱਚੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇਗਾ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਵਿਨੀਤ ਕੁਮਾਰ ਨੇ ਦੱਸਿਆ ਕਿ ਸਿਹਤ ਟੀਮਾਂ ਵਲੋਂ ਪਿੰਡ ਦੇ ਹਰ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਇਸ ਵਾਇਰਸ ਦੀ ਜਕੜ ਵਿੱਚ ਨਾ ਆ ਸਕੇ।
ਉਪ ਮੰਡਲ ਮੈਜਿਸਟਰੇਟ ਨੇ ਅੱਗੇ ਦੱਸਿਆ ਕਿ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਦੁੱਧ,ਸਬਜ਼ੀਆਂ ਅਤੇ ਹੋਰ ਜਰੂਰੀ ਚੀਜਾਂ ਦੀ ਸਪਲਾਈ ਪ੍ਰਸਾਸ਼ਨ ਵਲੋਂ ਅਧਿਕਾਰਤ ਕੀਤੇ ਲੋਕਾਂ ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਨੂੰ ਏਕਾਂਤਵਾਸ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ’ਤੇ 24 ਘੰਟੇ ਚੌਕਸੀ ਨਾਲ ਹਰ ਸਥਿਤੀ ’ਤੇ ਨਜ਼ਰ ਰੱਖਣ ਲਈ ਕਾਰਜਕਾਰੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਅੱਗੋਂ ਫੈਲਣ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।