ਫਾਜ਼ਿਲਕਾ : ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਮੀਰ ਖਾਸ ਦੇ ਮੁਖੀ ਗੁਰਿੰਦਰ ਸਿੰਘ ਵੜੈਚ ਨੂੰ ਵਿਜੀਲੈਂਸ ਬਿਊਰੋ ਨੇ 23 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕਰਨੈਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾ, ਤਹਿ. ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੇ ਲਿਖ਼ਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ 20 ਮਾਰਚ 2018 ਨੂੰ ਇਕ ਜੇਸੀਬੀ ਮਸ਼ੀਨ ਨਿਰਮਲ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਫਿਰੋਜ਼ਸ਼ਾਹ ਕੋਲੋਂ ਖਰੀਦ ਕੀਤੀ ਸੀ ਅਤੇ ਮਿਤੀ 13 ਜੂਨ 2019 ਨੂੰ ਮੁੱਦਈ ਦੇ ਡਰਾਈਵਰ ਬਿੱਟੂ ਕੋਲੋਂ ਉਕਤ ਜੇਸੀਬੀ ਮਸ਼ੀਨ ਮੱਖਣ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਦੋਨਾ ਮੱਤੜ ਗਜ਼ਨੀ ਵਾਲਾ ਅਤੇ 4-5 ਹੋਰ ਅਣਪਛਾਤੇ ਵਿਅਕਤੀ ਜਬਰੀ ਖੋਹ ਕੇ ਲੈ ਗਏ ਸਨ।

ਇਸ ਸੰਬੰਧ ਵਿਚ ਮੁੱਦਈ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਵਾਉਣ ਲਈ ਥਾਣਾ ਪੁਲਸ ਮੁਖੀ ਅਮੀਰ ਖ਼ਾਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸਬੰਧੀ ਜਦੋਂ ਮੁੱਦਈ ਮੁੱਖ ਅਫ਼ਸਰ ਗੁਰਿੰਦਰ ਸਿੰਘ ਸਬ ਇੰਸਪੈਕਟਰ ਨੂੰ ਥਾਣਾ ਅਮੀਰ ਖ਼ਾਸ ਨੂੰ ਮਿਲਿਆ ਤਾਂ ਗੁਰਿੰਦਰ ਸਿੰਘ ਨੇ ਮੁੱਦਈ ਕੋਲੋਂ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਤੋਂ ਬਾਅਦ ਰਿਸ਼ਵਤ ਦੀ ਰਕਮ 2 ਕਿਸ਼ਤਾਂ ਵਿਚ 50 ਹਜ਼ਾਰ ਰੁਪਏ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਅਤੇ 50 ਹਜ਼ਾਰ ਰੁਪਏ ਮੁਕੱਦਮਾ ਦਰਜ ਕਰਨ ਤੋਂ ਬਾਅਦ ਲੈਣ ਲਈ ਸਮਝੌਤਾ ਹੋ ਗਿਆ।

ਮੁੱਦਈ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਕੋਲੋਂ ਐੱਸਆਈ ਗੁਰਿੰਦਰ ਸਿੰਘ 27 ਹਜ਼ਾਰ ਰੁਪਏ ਪਹਿਲਾਂ ਲੈ ਚੁੱਕਿਆ ਸੀ ,ਅੱਜ ਜਦੋਂ ਕਰਨੈਲ ਸਿੰਘ ਰਿਸ਼ਵਤ ਦੇ 23 ਹਜ਼ਾਰ ਰੁਪਏ ਦੇਣ ਲਈ ਐੱਸਆਈ ਗੁਰਿੰਦਰ ਸਿੰਘ ਦੇ ਕੋਲ ਗਿਆ ਤਾਂ ਇਸ ਦੌਰਾਨ ਵਿਜੀਲੈਂਸ ਟੀਮ ਮੌਕੇ ‘ਤੇ ਪਹੁੰਚ ਗਈ, ਜਿਸ ਵੱਲੋਂ ਐੱਸਆਈ. ਗੁਰਿੰਦਰ ਸਿੰਘ ਨੂੰ 23 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।ਵਿਜੀਲੈਂਸ ਅਧਿਕਾਰੀ ਮੁਤਾਬਕ ਸਬ-ਇੰਸਪੈਕਟਰ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਅਮੀਰ ਖ਼ਾਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।