ਫਗਵਾੜਾ, 28 ਜੂਨ (ਸ਼ਿਵ ਕੋੜਾ) ਅੱਜ ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਦੀ ਅਗਵਾਈ ਵਿੱਚ ਪ੍ਰਸਿੱਧ ਸਮਾਜ ਸੇਵੀ ਅਸ਼ੋਕ ਮਹਿਰਾ, ਦੀ ਪਲੇਠੀ ਪੁਸਤਕ “ਦੁਆਵਾਂ ਦਾ ਦਰਿਆਂ” ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਲੇਖਕ ਡਾ: ਲਖਵਿੰਦਰ ਜੌਹਲ, ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਖ਼ੁਦ ਲੇਖਕ ਨੇ ਕੀਤੀ।
ਇਸ ਮੌਕੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਧਾਲੀਵਾਲ ਨੇ ਕਿਹਾ ਕਿ ਅਸੀਂ ਅੱਜ ਕੱਲ ਬਹੁਤ ਮੁਸ਼ਕਲ ਸਮੇਂ ਵਿਚੋਂ ਗੁਜ਼ਰ ਰਹੇ ਹਨ। ਕਰੋਨਾ ਮਹਾਂਮਾਰੀ ਕਾਰਨ ਸਾਰਿਆਂ ਦੇ ਚਿਹਰੇ ਤੇ ਬੇ-ਰੌਣਕੀ ਹੈ। ਉਹਨਾ ਨੇ ਕਿਹਾ ਕਿ ਬਹੁਤ ਮੁਸ਼ਕਲ ਸਮਾਂ ਹੈ। ਪਰਿਵਾਰਕ ਝਗੜਿਆਂ ਦੇ ਕੇਸ ਸਭ ਤੋਂ ਵੱਧ ਹੋ ਰਹੇ ਹਨ। ਜਾਇਦਾਦ ਦੇ ਝਗੜੇ ਵੀ ਬਹੁਤ ਹਨ। ਲੋਕ ਬੰਨਾ-ਬੱਟਿਆ ਤੋਂ ਲੜਦੇ ਹਨ ਪਰ ਇਹਨਾ ਮੁਸ਼ਕਲ ਸਮਿਆਂ ਵਿੱਚ ਮੁਹੱਬਤ ਤੇ ਆਪਸੀ ਪਿਆਰ ਦੀ ਲੋੜ ਹੈ। ਉਹਨਾ ਨੇ ਅਸ਼ੋਕ ਮਹਿਰਾ ਨੂੰ ਪੁਸਤਕ ਲਿਖਣ ਤੇ ਵਧਾਈ ਦਿੱਤੀ। ਇਸ ਮੌਕੇ ਤੇ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਮਹਿਰਾ ਜੀ ਦੀ ਪੁਸਤਕ ਬਹੁਤ ਵਿਲੱਖਣ ਹੈ ਅਤੇ ਉਹ ਆਪ ਵੀ ਇੱਕ ਵਿਲੱਖਣ ਵਿਅਕਤੀ ਹੈ। ਉਹਨਾ ਨੇ ਕਿਹਾ ਕਿ ਉਹਨਾ ਸਮਿਆਂ ਦੌਰਾਨ ਜਦ ਨੈਤਿਕ ਕਦਰਾਂ ਕੀਮਤਾਂ ‘ਚ ਨਿਘਾਰ ਆ ਚੁੱਕਾ ਹੈ, ਰਾਜਨੀਤੀ ਉਲਟ ਪੁਲਟ ਹੋ ਗਈ ਹੈ, ਸਮਾਜਿਕ ਤੇ ਸਭਿਆਚਾਰਕ ਤਾਣਾ-ਬਾਣਾ ਖਿੱਲਰ ਗਿਆ ਹੈ, ਉਸ ਸਮੇਂ ਅਜਿਹੀ ਪ੍ਰੇਰਨਾਦਾਇਕ ਤੇ ਮੁੱਲਵਾਨ ਕਿਤਾਬ ਦਾ ਛਾਪਣਾ ਕਿਸੇ ਵੀ ਸਾਹਿੱਤਕ ਕਿਤਾਬ ਨਾਲੋਂ ਵਧੇਰੇ ਪ੍ਰੇਰਨਾ ਦਾ ਸਰੋਤ ਹੋਵੇਗਾ। ਉਹਨਾ ਨੇ ਅਸ਼ੋਕ ਮਹਿਰਾ ਵਲੋਂ ਨਿਸ਼ਕਾਮ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਨੂੰ ਬਹੁਤ ਮਹੱਤਵਪੂਰਨ ਤੇ ਮੁਲੱਵਾਨ ਕਿਹਾ। ਇਸ ਮੌਕੇ ਪ੍ਰੋ: ਜਸਵੰਤ ਸਿੰਘ ਗੰਡਮ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਹ ਤ੍ਰੈਭਾਸ਼ੀ ਕਿਤਾਬ ਇੱਕ ਕਿਸਮ ਦੀ ਥ੍ਰੀ ਇੰਨ ਵੰਨ ਹੈ ਭਾਵ ਇੱਕ ਕਿਤਾਬ ਵਿੱਚ ਤਿੰਨ ਕਿਤਾਬਾਂ ਹਨ। ਇਸ ਦੇ ਸਿਰਲੇਖ ਵੀ ਤਿੰਨ ਹਨ। ਇਥੋਂ ਤੱਕ ਕਿ ਲਿਖਾਰੀ ਦੇ ਨਾਮ ਵੀ ਤਿੰਨ ਹਨ। ਉਹਨਾ ਕਿਹਾ ਕਿ ਇਹ ਕਿਤਾਬ ਪੁਨਰਜੋਤ ਸੰਸਥਾ ਦੀਆਂ ਗਤੀਵਿਧੀਆਂ ਦੀ ਇੱਕ ਸਾਹਿੱਤਕ ਰਿਪੋਰਟ ਹੈ, ਇਸ ਵਿੱਚ ਵਿਵਹਾਰਿਕ ਸਾਹਿੱਤ ਵੀ ਹੈ, ਨਿਰੋਲ ਸਾਹਿੱਤ ਵੀ ਹੈ। ਇਸ ਵਿੱਚ ਜਿਥੇ ਅੱਖਾਂ ਦਾਨ ਕਰਨ ਦੀਆਂ ਪ੍ਰੇਰਨਾਮਈ ਘਟਨਾਵਾਂ ਦੀ ਚਰਚਾ ਹੈ, ਉਥੇ ਹੀ ਸਾਰੀ ਟੀਮ ਨੂੰ ਪੇਸ਼ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਵੀ ਜ਼ਿਕਰ ਹੈ। ਉਹਨਾ ਕਿਹਾ ਕਿ ਡਾ: ਰਮੇਸ਼ ਤੇ ਉਹਨਾ ਦੀ ਟੀਮ ਰੱਬ-ਰੂਪੀ ਕਾਰਜ ਕਰਦੇ ਹਨ!