ਫਗਵਾੜਾ 22 ਸਤੰਬਰ (ਸ਼ਿਵ ਕੋੜਾ) ਕੋਰੋਨਾ ਮਹਾਮਾਰੀ ਫੈਲਣ ਕਾਰਨ ਆਰਥਕ ਪੱਖੋਂ ਕਮਜੋਰ ਹੋਏ ਰੇਹੜੀ ਪਟਰੀ ਵਾਲੇ ਦੁਕਾਨਦਾਰਾਂ ਨੂੰ ਮਜਬੂਤ ਕਰਨ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮ ਨਿਰਭਰ ਯੋਜਨਾ (ਨਿਧੀ) ਤਹਿਤ ਦਸ ਹਜਾਰ ਰੁਪਏ ਤੱਕ ਦਾ ਲੋਨ ਦੁਆਉਣ ਲਈ ਨਗਰ ਕੋਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਪ੍ਰੇਮ ਨਗਰ ਸੁਸਾਇਟੀ ਖੇੜਾ ਰੋਡ ਵਲੋਂ ਕੈਂਪ ਲਗਾ ਕੇ ਆਨ ਲਾਈਨ ਫਾਰਮ ਭਰਵਾਏ ਗਏ। ਇਸ ਦੌਰਾਨ ਰੁਜਗਾਰ ਦਫਤਰ ਫਗਵਾੜਾ ਦੇ ਕੰਪਿਉਟਰ ਆਪਰੇਟਰ ਰਾਜਨ ਅਤੇ ਸੰਦੀਪ ਨੇ ਪ੍ਰੇਮ ਨਗਰ ਵਿਖੇ ਪਟਰੀ ਲਗਾ ਕੇ ਪੁਰਾਣੇ ਕਪੜੇ ਵੇਚਣ ਵਾਲੇ ਵੀਹ ਲੋੜਵੰਦਾਂ ਦੇ ਫਾਰਮ ਭਰੇ। ਮਲਕੀਅਤ ਸਿੰਘ ਰਘਬੋਤਰਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰੇ ਗਏ ਫਾਰਮ ਸਿੱਧੇ ਬੈਂਕਾਂ ਨੂੰ ਭੇਜ ਦਿੱਤੇ ਗਏ ਹਨ ਜੋ ਕਿ ਅਗਲੇ ਪੰਦਰਾਂ ਦਿਨਾਂ ਦੌਰਾਨ ਸਰਕਾਰੀ ਆਦੇਸ਼ਾਂ ਅਨੁਸਾਰ ਲੋਨ ਦੇਣ ਬਾਰੇ ਵਿਚਾਰ ਕਰਨਗੇ। ਉਹਨਾਂ ਦੱਸਿਆ ਕਿ ਕਾਰਪੋਰੇਸ਼ਨ ਫਗਵਾੜਾ ਵਲੋਂ ਰਜਿਸਟ੍ਰੇਸ਼ਨ ਜਾਂ ਪਿਛਲੇ ਤਿੰਨ ਸਾਲ ਦੀ ਤਹਿ ਬਜਾਰੀ ਦੀ ਰਸੀਦ ਦੇ ਨਾਲ ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ, ਵੋਟਰ ਕਾਰਡ ਸਮੇਤ ਰੁਜਗਾਰ ਦਫਤਰ ਵਿਖੇ ਇਸ ਸਕੀਮ ਤਹਿਤ ਲੋਨ ਅਪਲਾਈ ਕੀਤਾ ਜਾ ਸਕਦਾ ਹੈ। ਇੰਟਰਨੈਟ ਰਾਹੀਂ ਆਪਣੇ ਆਪ ਵੀ ਫਾਰਮ ਭਰਿਆ ਜਾ ਸਕਦਾ ਹੈ। ਬੈਂਕ ਜਾਣ ਦੀ ਕੋਈ ਜਰੂਰਤ ਨਹੀਂ ਹੈ। ਉਹਨਾਂ ਦੱਸਿਆ ਕਿ ਕੇਂਦਰ ਦੀ ਯੋਜਨਾ ਅਨੁਸਾਰ ਲੋਨ ਉੱਪਰ 7.5% ਵਿਆਹ ਲੱਗੇਗਾ ਅਤੇ ਸਮੇਂ ਸਿਰ ਕਿਸ਼ਤ ਦਾ ਭੁਗਤਾਨ ਕਰਨ ਵਾਲੇ ਨੂੰ ਹਰ ਤਿੰਨ ਮਹੀਨੇ ਬਾਅਦ ਵਿਆਜ ਦੀ ਰਕਮ ਉਸਦੇ ਬੈਂਕ ਖਾਤੇ ਵਿਚ ਵਾਪਸ ਜਮਾ ਕਰ ਦਿੱਤੀ ਜਾਵੇਗੀ ਅਤੇ ਲੋਨ ਵਿਆਜ ਮੁਕਤ ਹੋ ਜਾਵੇਗਾ। ਉਹਨਾਂ ਦੱਸਿਆ ਕਿ ਇਸ ਲੋਨ ਨੂੰ ਲੈਣ ਲਈ ਕਿਸੇ ਗਰੰਟੀ ਦੀ ਜਰੂਰਤ ਨਹੀਂ ਹੈ। ਨਿਰਧਾਰਤ ਸਮੇਂ ਦਰਮਿਆਨ ਲੋਨ ਦੀ ਰਕਮ ਵਾਪਸ ਕਰਨ ਵਾਲਾ ਹੋਰ ਲੋਨ ਵੀ ਲੈ ਸਕੇਗਾ। ਉਹਨਾਂ ਦੱਸਿਆ ਕਿ ਕੋਰੋਨਾ ਆਫਤ ਸਮੇਂ ਕੇਂਦਰ ਸਰਕਾਰ ਦੀ ਇਹ ਸਕੀਮ ਲੋੜਵੰਦ ਰੇਹੜੀ ਫੜੀ ਲਗਾਉਣ ਵਾਲਿਆਂ ਲਈ ਬਹੁਤ ਹੀ ਲਾਹੇਵੰਦ ਹੈ ਜਿਸਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ।