ਜਲੰਧਰ (13 ਜੁਲਾਈ 2022): ਸਿਹਤ ਵਿਭਾਗ ਜਲੰਧਰ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸਦੇ ਮੱਦੇਨਜਰ ਹੀ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਬੁੱਧਵਾਰ ਨੂੰ ਸਿਵਲ ਹਸਪਤਾਲ ਦੇ ਮੈਟਰਨਿਟੀ ਵਾਰਡ ਦੇ ਨਰਸਿੰਗ ਸਟਾਫ਼ ਨਾਲ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਹਦਾਇਤ ਦਿੰਦਿਆਂ ਕਿਹਾ ਗਿਆ ਕਿ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਰੱਖਿਆ ਜਾਵੇ ਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਬਿਹਤਰ ਸਿਹਤ ਸੇਵਾਵਾਂ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਹਸਪਤਾਲ ਦੇ ਕਿਸੇ ਵੀ ਕਰਮਚਾਰੀ ਵੱਲੋਂ ਗਰਭਵਤੀ ਮਹਿਲਾ ਦੀ ਡਿਲੀਵਰ ਉਪਰੰਤ ਉਸ ਤੋਂ ਜਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ ਵਧਾਈ ਨਾ ਲਈ ਜਾਵੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪਾਰਕਿੰਗ ਅਤੇ ਸਾਫ਼-ਸਫਾਈ ਦੀ ਵਿਵਸਥਾ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਨ ਸੰਬੰਧੀ ਵੀ ਨਿਰਦੇਸ਼ ਦਿੱਤੇ ਗਏ।

ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਵਲ ਹਸਪਤਾਲ ਵਿੱਚ ਸਫਾਈ ਵਿਵਸਥਾ ਨੂੰ ਦੁਰਸਤ ਕਰਨ ਦੇ ਮੱਦੇਨਜਰ ਸਫਾਈ ਸੇਵਕਾਂ ਨਾਲ ਐਮ.ਐਸ. ਦਫ਼ਤਰ ਵਿਖੇ ਮੀਟਿੰਗ ਕਰਕੇ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਮੀਟਿੰਗ ਦੇ ਅੰਤ ਵਿੱਚ ਸਫਾਈ ਸੇਵਕਾਂ ਵੱਲੋਂ ਸਿਵਲ ਹਸਪਤਾਲ ਦੀ ਸਫਾਈ ਵਿਵਸਥਾ ਨੂੰ ਤੁਰੰਤ ਪ੍ਰਭਾਵ ਨਾਲ ਦੁਰਸਤ ਕਰਨ ਦਾ ਭਰੋਸਾ ਦਵਾਇਆ ਗਿਆ। ਇਸ ਉਪਰੰਤ ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਫਾਈ ਵਿਵਸਥਾ ਦਾ ਜਾਇਜਾ ਲਿਆ ਗਿਆ। ਉਨ੍ਹਾਂ ਵੱਲੋਂ ਹਸਪਤਾਲ ਵਿੱਚ ਸਫਾਈ ਵਿਵਸਥਾ ਕਾਇਮ ਰੱਖਣ ਕੰਮ ਕਰ ਰਹੇ ਸਟਾਫ਼ ਨੂੰ ਪ੍ਰੋਤਸਾਹਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਡਾ. ਰਮਨ ਸ਼ਰਮਾ ਵੱਲੋਂ ਅਪੀਲ ਕਰਦਿਆਂ ਕਿਹਾ ਗਿਆ ਕਿ ਹਸਪਤਾਲ ਦੇ ਸਟਾਫ਼ ਦੇ ਨਾਲ-ਨਾਲ ਲੋਕਾਂ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਹਸਪਤਾਲ ਵਿੱਚ ਸਾਫ-ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਵੇਸਟ ਸਮੱਗਰੀ ਨੂੰ ਡਸਟਬਿਨ ਵਿੱਚ ਹੀ ਸੁੱਟਿਆ ਜਾਵੇ ਤਾਂ ਜੋ ਹਸਪਤਾਲ ਪਰਿਸਰ ਸਾਫ਼-ਸੁਥਰਾ ਰਹੇ ਜੋ ਕਿ ਮਰੀਜਾਂ ਦੇ ਜਲਦ ਸਿਹਤਯਾਬ ਹੋਣ ਵਿੱਚ ਮਦਦਗਾਰ ਸਾਬਿਤ ਹੋਵੇਗਾ।