ਜਲੰਧਰ : ਪੰਜਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਦੇ ਅੰਤਰਗਤ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 40 ਤੋਂ ਵੱਧ ਵੱਖ-ਵੱਖ ਕੰਪਨੀਆਂ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸ਼ਿਰਕਤ ਕੀਤੀ। ਇਸ ਰੁਜ਼ਗਾਰ ਮੇਲੇ ਦਾ ਉਦਘਾਟਨ ਇਸ ਪ੍ਰੋਗਰਾਮ ਦੀ ਡਿਪਟੀ ਡਾਇਰੈਕਟਰ ਸ੍ਰੀਮਤੀ ਸੁਨੀਤਾ ਕਲਿਆਣ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤਾ। ਰੁਜ਼ਗਾਰ ਮੇਲੇ ਵਿਚ ਸ੍ਰੀ ਜੈਇੰਦਰ ਸਿੰਘ ਐਸ.ਡੀ.ਐਮ.-ੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਰੁਜ਼ਗਾਰ ਦੇਣ ਲਈ ਰੁਜ਼ਗਾਰ ਮੇਲਿਆਂ ਦਾ ਆਯੋਜਨ ਕਰਨਾ ਪੰਜਾਬ ਸਰਕਾਰ ਦਾ ਅਤੀ ਸ਼ਲਾਘਾਯੋਗ ਉਪਰਾਲਾ ਹੈ। ਵੱਖ-ਵੱਖ ਹੁਨਰਾਂ ਤੇ ਪ੍ਰਤਿਭਾਵਾਂ ਵਾਲੇ ਨੌਜ਼ਵਾਨਾ ਲਈ ਅਜਿਹਾ ਪਲੈਟਫਾਰਮ ਉਨ੍ਹਾਂ ਦੇ ਵਰਤਮਾਨ ਅਤੇ ਭਵਿੱਖ ਲਈ ਲਾਭਕਾਰੀ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਰੁਜ਼ਗਾਰ ਮੇਲੇ ਦਾ ਨੌਜਵਾਨਾ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਡਿਪਟੀ ਡਾਇਰੈਕਟਰ ਸੁਨੀਤਾ ਕਲਿਆਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ ਇਹ ਪੰਜਵਾਂ ਰੁਜ਼ਗਾਰ ਮੇਲਾ ਜਲੰਧਰ ਵਿਖੇ ਲਗਾਇਆ ਹੈ। ਰੁਜ਼ਗਾਰ ਮੇਲੇ ਵਿਚ ਨੌਜਵਾਨਾਂ ਨੇ ਬਹੁਤ ਉਤਸਾਹ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ 3418 ਉਮੀਦਵਾਰਾਂ ਨੇ ਸ਼ਿਰਕਤ ਕੀਤੀ ਸੀ, ਜਿਸ ਵਿਚੋਂ 2245 ਦੀ ਨੌਕਰੀ ਲਈ ਸਿਲੈਕਸ਼ਨ ਹੋਈ ਹੈ ਅਤੇ 55 ਉਡੀਕ ਸੂਚੀ ਵਿਚ ਰੱਖੇ ਗਏ। ਇਸ ਰੁਜ਼ਗਾਰ ਮੇਲੇ ਵਿਚ ਪਲੇਸਮੈਂਟ ਅਫਸਰ ਸ੍ਰੀ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਸ੍ਰੀ ਜਸਵੀਰ ਸਿੰਘ, ਡਿਪਟੀ ਸੀ.ਈ.ਓ. ਸ੍ਰੀ ਦੀਪਕ ਭੱਲਾ, ਸ੍ਰੀ ਹਰਮਨਪ੍ਰੀਤ ਸਿੰਘ ਆਦਿ ਅਧਿਕਾਰੀ ਸ਼ਾਮਲ ਹੋਏ। ਇਸ ਤੋਂ ਇਲਾਵਾ ਕਾਲਜ ਪ੍ਰੋਫੈਸਰ ਦਿਨਕਰ ਸ਼ਰਮਾ ਜੋ ਕਿ ਇਸ ਮੇਲੇ ਦੇ ਇੰਚਾਰਜ ਸਨ, ਪ੍ਰੋਫੈਸਰ ਪਲਵਿੰਦਰ ਸਿੰਘ, ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਅੰਮ੍ਰਿਤਪਾਲ ਸਿੰਘ, ਪ੍ਰੋ. ਮਨੀਸ਼ ਗੋਇਲ ਅਤੇ ਕਾਲਜ ਦੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।